ਬਾਦਲ ਦੇ ਉਪਰਾਲਿਆਂ ਸਦਕਾ ਭਾਰਤੀ ਫੌਜ ''ਚ ਪੰਜਾਬੀ ਅਫਸਰਾਂ ਦੀ ਗਿਣਤੀ ਵਧਣ ਲੱਗੀ : ਅਕਾਲੀ ਦਲ

Monday, Jun 11, 2018 - 12:33 AM (IST)

ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਭਾਰਤੀ ਫੌਜ ਅਕਾਦਮੀ (ਆਈ. ਐੱਮ. ਏ.) ਅੰਦਰ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨਾਂ ਦੀਆਂ ਲੈਫਟੀਨੈਂਟ ਵਰਗੇ ਉੱਚ ਅਹੁਦਿਆਂ 'ਤੇ ਹੋਰ ਰਹੀਆਂ ਨਿਯੁਕਤੀਆਂ ਨਾਲ ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੰਵਾਰਨ ਲਈ ਕੀਤੇ ਉਪਰਾਲਿਆਂ ਦੇ ਸਾਰਥਕ ਸਿੱਟੇ ਦਿਸਣ ਲੱਗੇ ਹਨ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਸ਼ਨੀਵਾਰ ਨੂੰ ਆਈ. ਐੱਮ. ਏ. ਦੇਹਰਾਦੂਨ ਵਿਖੇ ਚੁਣੇ ਗਏ ਪੰਜਾਬ ਦੇ 29 ਅਫਸਰਾਂ ਵਿਚੋਂ 17 ਕੈਡੇਟਸ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੀ ਪੈਦਾਵਰ ਹਨ, ਜੋ ਕਿ ਪੰਜਾਬ ਅਤੇ ਇੰਸਟੀਚਿਊਟ ਦੋਵਾਂ ਲਈ ਫਖ਼ਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਲਈ ਭਾਰਤੀ ਫੌਜ ਵਿਚ ਇਕ ਸ਼ਾਨਦਾਰ ਅਤੇ ਸਨਮਾਨਜਨਕ ਕਰੀਅਰ ਦਾ ਮੁੱਢ ਬੰਨ੍ਹਣ ਵਾਸਤੇ ਮੁੱਢਲੀ ਸਿਖਲਾਈ ਦੇਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਪ੍ਰੈਲ 2011 ਵਿਚ ਇਸ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਥਾਪਨਾ ਕਰਵਾਈ ਸੀ। ਉਨ੍ਹਾਂ ਕਿਹਾ ਕਿ ਅੱਜ ਇਸ ਅਕੈਡਮੀ ਵਿਚੋਂ ਸਿਖਲਾਈ ਲੈ ਕੇ ਨਿਕਲਣ ਵਾਲੇ ਪੰਜਾਬੀ ਗੱਭਰੂ ਭਾਰਤੀ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਵਿਚ ਵੱਡੇ ਅਹੁਦਿਆਂ ਲਈ ਚੁਣੇ ਜਾ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਦੀ ਦੂਰ-ਦ੍ਰਿਸ਼ਟੀ ਨੇ ਸੱਚਮੁੱਚ ਪੰਜਾਬੀ ਨੌਜਵਾਨਾਂ ਦਾ ਭਵਿੱਖ ਬਦਲ ਕੇ ਰੱਖ ਦਿੱਤਾ ਹੈ।
ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਵੱਲੋਂ ਸਿਖਲਾਈ ਲੈ ਕੇ ਵੱਡੇ ਫੌਜੀ ਅਫਸਰ ਬਣੇ ਨੌਜਵਾਨਾਂ ਬਾਰੇ ਜਾਣਕਾਰੀ ਦਿੰਦਿਆਂ ਭੂੰਦੜ ਨੇ ਕਿਹਾ ਕਿ ਹੁਣ ਤਕ ਇਸ ਇੰਸਟੀਚਿਊਟ ਦੇ 110 ਤੋਂ ਵੱਧ ਕੈਡੇਟਸ ਤਿੰਨੋਂ ਭਾਰਤੀ ਸੈਨਾਵਾਂ ਅੰਦਰ ਵੱਖ-ਵੱਖ ਅਹੁਦਿਆਂ ਉਤੇ ਨਿਯੁਕਤ ਹੋ ਚੁੱਕੇ ਹਨ।


Related News