ਕੈਪਟਨ ਦੇ ਰਾਜ਼ ''ਚ ਵੀ ਬਾਦਲ ਪਰਿਵਾਰ ਦੀ ਸੇਵਾ ''ਚ ਸੜਕਾਂ ''ਤੇ ਖੜ੍ਹੇਗੀ ਪੁਲਸ

03/23/2017 11:10:48 AM

ਬਠਿੰਡਾ : ਪੰਜਾਬ ''ਚ ਅਕਾਲੀ-ਭਾਜਪਾ ਦੀ ਸੱਤਾ ਪਲਟਣ ਤੋਂ ਬਾਅਦ ਵੀ ਬਾਦਲ ਪਰਿਵਾਰ ਦੀ ਸੇਵਾ ''ਚ ਸੜਕਾਂ ''ਤੇ ਪੁਲਸ ਮੁਲਾਜ਼ਮਾਂ ਨੂੰ ਖੜ੍ਹਨਾ ਪਵੇਗਾ ਕਿਉਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕੇਂਦਰ ਸਰਕਾਰ ਵਲੋਂ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ ਅਤੇ ਕੇਂਦਰੀ ਸੁਰੱਖਿਆ ਨੇਮਾਂ ਮੁਤਾਬਕ ਜ਼ੈੱਡ ਪਲੱਸ  ਸੁਰੱਖਿਆ ਵਾਲੀਆਂ ਸ਼ਖਸੀਅਤਾਂ ਲਈ ਦੌਰੇ ਸਮੇਂ ਪੁਲਸ ਰੂਟ ਲੱਗੇਗਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ''ਚ 14 ਸ਼ਖਸੀਅਤਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ। ਹਾਲ ਹੀ ''ਚ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਵੀ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਇਹੀ ਕਾਰਨ ਸੀ ਕਿ ਬੁੱਧਵਾਰ ਨੂੰ ਸੁਖਬੀਰ ਸਿੰਘ ਬਾਦਲ ਦੇ ਬਠਿੰਡਾ ਦੌਰੇ ਸਮੇਂ ਪੁਲਸ ਨੇ ਸਵੇਰ ਤੋਂ ਹੀ ਪਿੰਡ ਬਾਦਲ ''ਚ ਇਕ ਐਸਕਾਰਟ ਤੇ ਪਾਇਲਟ ਗੱਡੀ ਭੇਜ ਦਿੱਤੀ ਸੀ, ਜੋ 11 ਵਜੇ ਪਿੰਡ ਬਾਦਲ ਤੋਂ ਰਵਾਨਾ ਹੋ ਕੇ ਪੂਰਾ ਦਿਨ ਸੁਖਬੀਰ ਬਾਦਲ ਦੇ ਅੱਗੇ-ਪਿੱਛੇ ਘੁੰਮਦੀਆਂ ਰਹੀਆਂ। ਇਸ ਗੱਲ ਦੀ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਕੈਪਟਨ ਸਰਕਾਰ ਵਲੋਂ ਬਾਦਲ ਪਰਿਵਾਰ ''ਤੇ ਅਜੇ ਵੀ ਪੂਰੀ ਮਿਹਰ ਰੱਖੀ ਹੋਈ ਹੈ। ਬਠਿੰਡਾ ਪੁਲਸ ਦੀਆਂ ਗੱਡੀਆਂ ਸੁਖਬੀਰ ਬਾਦਲ ਨੂੰ ਲੈਣ ਵਾਸਤੇ ਆਪਣੀ ਹੱਦ ਉਲੰਘ ਕੇ ਜ਼ਿਲਾ ਮੁਕਤਸਰ ''ਚ ਚਲੀਆਂ ਗਈਆਂ  ਪਰ ਪੁਲਸ ਸੂਤਰਾਂ ਮੁਤਾਬਕ ਦੌਰਾ ਖਤਮ ਹੋਣ ਮਗਰੋਂ ਪੁਲਸ ਮੁਲਾਜ਼ਮਾਂ ਦੀ ਡਿਊਟੀ ਖਤਮ ਹੋ ਗਈ ਹੈ।

Babita Marhas

News Editor

Related News