ਬਾਦਲ ਨੇ ਨਹੀਂ ਕਰਵਾਇਆ ਸਿਆਸੀ ''ਇੰਤਕਾਲ''!

03/03/2020 1:01:31 AM

ਲੁਧਿਆਣਾ, (ਮੁੱਲਾਂਪੁਰੀ)— ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅੱਜ ਕੱਲ ਸ਼੍ਰੋਅਦ ਦੀ ਡਿੱਕ-ਡੋਲੇ ਖਾਂਦੀ ਕਿਸ਼ਤੀ ਨੂੰ ਕਿਸੇ ਤਣ ਪੱਤਣ ਲਾਉਣ ਲਈ ਮੁੜ ਤੋਂ ਸਰਗਰਮ ਹੋ ਗਏ ਹਨ, ਜਿਸ ਨਾਲ ਰਾਜਸੀ ਗਲਿਆਰਿਆਂ 'ਚ ਇਸ ਚਰਚਾ ਨੇ ਜਨਮ ਲੈ ਲਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਅਦ ਦੀ ਪ੍ਰਧਾਨਗੀ ਦੀ ਸਿਆਸੀ ਰਜਿਸਟਰੀ ਤਾਂ ਸੁਖਬੀਰ ਬਾਦਲ ਦੇ ਨਾਂ ਕਰਵਾ ਦਿੱਤੀ ਸੀ ਪਰ ਸਿਆਸੀ ਇੰਤਕਾਲ ਨਹੀਂ ਸੀ ਕਰਵਾਇਆ, ਜਿਸ ਕਰ ਕੇ ਉਹ ਮੁੜ ਸਰਗਰਮ ਹੋ ਗਏ ਹਨ।
ਬਾਕੀ ਉਨ੍ਹਾਂ ਦੇ ਮੁੜ ਸਰਗਰਮ ਹੋਣ ਦਾ ਕਾਰਣ ਸੁਖਦੇਵ ਢੀਂਡਸਾ, ਬ੍ਰਹਮਪੁਰਾ, ਅਜਨਾਲਾ, ਸੇਖਵਾਂ, ਰੱਖੜਾ, ਧੁੱਗਾ, ਚੰਨੀ ਤੇ ਹੋਰ ਦਰਜਨ ਅਕਾਲੀ ਆਗੂਆਂ ਦੇ ਅਕਾਲੀ ਦਲ ਤੋਂ ਲਾਂਭੇ ਹੋਣ 'ਤੇ ਅਕਾਲੀ ਦਲ 'ਚ ਮੁੜ ਵਿਸ਼ਵਾਸ ਪੈਦਾ ਕਰਨਾ ਦੱਸਿਆ ਜਾ ਰਿਹਾ ਹੈ।
ਸ. ਬਾਦਲ ਸਭ ਤੋਂ ਪਹਿਲਾਂ ਸੰਗਰੂਰ, ਫਿਰ ਤਰਨਤਾਰਨ ਤੇ ਬਠਿੰਡਾ ਆਦਿ ਰੈਲੀਆਂ 'ਚ ਖੂਬ ਗਰਜੇ। ਸ. ਬਾਦਲ ਵੱਡੀ ਉਮਰ ਦੇ ਹੋਣ ਕਾਰਣ ਬੈਠ ਕੇ ਭਾਸ਼ਣ ਦਿੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਸਹਾਰਾ ਦੇ ਕੇ ਉਨ੍ਹਾਂ ਨਾਲ ਖੜ੍ਹਦੇ ਹਨ।
ਸ. ਬਾਦਲ 'ਤੇ ਪੰਜਾਬ ਦੇ ਲੋਕ ਵਿਸ਼ਵਾਸ ਕਰਦੇ ਹਨ ਕਿਉਂਕਿ ਉਹ ਹਿੰਦੂ-ਸਿੱਖਾਂ ਦੇ ਮੁਦਈ ਤੇ ਦਲਿਤਾਂ ਨੂੰ ਆਟਾ-ਦਾਲ, ਸ਼ਗਨ ਸਕੀਮ ਤੇ ਕਿਸਾਨਾਂ ਲਈ ਮੁਫਤ ਬਿਜਲੀ ਪਾਣੀ ਦੇਣ ਵਾਲਿਆਂ ਤੋਂ ਇਲਾਵਾ ਪੰਜਾਬ 'ਚ ਆਪਣੀ ਉਮਰ ਦੇ ਸਭ ਵੱਡੇ ਨੇਤਾ ਹਨ। ਭਾਵੇਂ ਉਹ ਅੱਜ ਤੋਂ ਇਕ ਸਾਲ ਪਹਿਲਾਂ ਪੰਜਾਬ ਦੀ ਸਰਗਰਮ ਸਿਆਸਤ ਤੋਂ ਦੂਰ ਹੋ ਗਏ ਸਨ ਤੇ ਆਖਣ ਲੱਗ ਪਏ ਸਨ ਕਿ ਹੁਣ ਜੋ ਵੀ ਕੰਮ-ਧੰਦਾ ਜਾਂ ਲੈਣ-ਦੇਣ ਜਾਂ ਕੋਈ ਗੱਲ ਕਰਨੀ ਹੈ, ਉਹ ਸੁਖਬੀਰ ਬਾਦਲ ਨਾਲ ਹੀ ਕੀਤੀ ਜਾਵੇ ਪਰ ਹੁਣ ਮੌਜੂਦਾ ਹਾਲਾਤ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਸਟੇਜਾਂ 'ਤੇ ਬੋਲਣ ਲਈ ਮਜਬੂਰ ਕਰ ਦਿੱਤਾ ਹੈ।


KamalJeet Singh

Content Editor

Related News