ਬਾਦਲ ਦਲ ''ਫੋਕੀਆਂ ਫੜ੍ਹਾਂ ਮਾਰਨ'' ਦੀ ਥਾਂ ਪੰਥ ਨੂੰ ਪ੍ਰੋਗਰਾਮ ਦੇਵੇ

01/24/2018 7:52:46 AM

ਜਲੰਧਰ  (ਚਾਵਲਾ) - ਸ਼੍ਰੋਮਣੀ ਅਕਾਲੀ ਦਲ  ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬਾਦਲ ਦਲ ਦੇ ਲੀਡਰਾਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉੁਹ  ਸੰਵਿਧਾਨ ਦੀ ਧਾਰਾ 25(2)(ਬੀ) ਵਿਚ ਸੋਧ ਬਾਰੇ ਮੀਡੀਆ 'ਚ 'ਫੋਕੀਆਂ ਫੜ੍ਹਾਂ ਮਾਰਨ' ਦੀ ਥਾਂ ਸਿੱਖ ਪੰਥ ਨੂੰ ਪ੍ਰੋਗਰਾਮ ਦੱਸਣ ਤਦ ਹੀ ਇਹ ਮਸਲਾ ਮੌਕੇ ਦੀ ਭਾਜਪਾ ਸਰਕਾਰ ਪਾਸੋਂ ਹੱਲ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਉਹ ਸੰਵਿਧਾਨ ਦੀ ਧਾਰਾ ਹੈ, ਜਿਸ ਵਿਚ ਸਿੱਖਾਂ ਅਤੇ ਹਿੰਦੂਆਂ ਨੂੰ ਇਕ ਦੱਸਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਬਾਦਲ ਦਲ ਤੇ ਇਨ੍ਹਾਂ ਦੇ ਸਮਰਥਕਾਂ ਦੇ ਫੋਕੇ ਬਿਆਨਾਂ ਉਤੇ ਸਿੱਖ ਪੰਥ ਕੌਮ ਨੂੰ ਬਿਲਕੁਲ ਭਰੋਸਾ ਨਹੀਂ ਹੈ, ਕਿਉਂਕਿ ਬਾਦਲ ਦਲ ਅਜਕੱਲ ਸਿੱਖਾਂ ਦੇ ਜਜ਼ਬਾਤੀ ਮੁੱਦਿਆਂ ਨੂੰ ਚੁੱਕ ਕੇ ਸਿੱਖਾਂ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਅਤੇ ਡੇਰਾ ਮੁਖੀ ਦੀ ਮੁਆਫੀ ਵਰਗੇ ਪੰਥ ਵਿਰੋਧੀ ਕੰਮ ਕਰ ਕੇ ਆਪਣਾ ਵੱਕਾਰ ਪੂਰੀ ਤਰ੍ਹਾਂ ਗੁਆ ਚੁੱਕਾ ਹੈ।  ਹੁਣ ਉਹ ਗੁਆਚਿਆ ਵੱਕਾਰ ਹਾਸਲ ਕਰਨ  ਲਈ ਸਿੱਖਾਂ ਦਾ ਭਾਵਨਾਤਮਕ ਸ਼ੋਸ਼ਣ ਕਰਨ 'ਤੇ ਲੱਗੇ ਹੋਏ ਹਨ । ਉਨ੍ਹਾਂ ਕਿਹਾ ਕਿ ਜਦੋਂ ਪੰਥ ਧਾਰਾ 25(2)(ਬੀ) ਵਿਚ ਸੋਧ ਦੇ ਮੁੱਦੇ 'ਤੇ ਬਾਦਲ ਦਲ ਨਾਲ ਸਹਿਮਤ ਹੋ ਗਿਆ ਤਾਂ ਇਨ੍ਹਾਂ ਨੇ ਸੱਤਾ ਹਾਸਲ ਕਰ ਕੇ ਇਸ ਮੁੱਦੇ ਨੂੰ ਪਹਿਲਾਂ ਵਾਂਗ ਠੰਡੇ ਬਸਤੇ 'ਚ ਸੁੱਟ ਦੇਣਾ ਹੈ।
ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਬਾਦਲ ਦਲ ਨੂੰ ਸਿੱਖ ਪੰਥ ਨੂੰ ਪੁਆਇੰਟ ਤੋਂ ਪੁਆਇੰਟ ਪ੍ਰੋਗਰਾਮ ਦੱਸਣਾ ਪਵੇਗਾ ਨਹੀਂ ਤਾਂ ਸਿੱਖ ਪੰਥ ਇਨ੍ਹਾਂ ਦੇ ਜਜ਼ਬਾਤੀ ਭਾਸ਼ਣਾਂ 'ਤੇ ਭਰੋਸਾ ਨਹੀਂ ਕਰ ਸਕਦਾ।
ਸਰਨਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 1982 'ਚ ਦਿੱਲੀ 'ਚ ਧਾਰਾ 25(2)(ਬੀ)  ਦੀਆਂ ਕਾਪੀਆਂ ਸਾੜੀਆਂ ਸਨ ਤੇ ਉਸ ਤੋਂ ਬਾਅਦ ਫਿਰ ਕਦੇ ਵੀ ਕੌਮ ਨੂੰ ਇਸ  ਮੁੱਦੇ 'ਤੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਤੇ ਆਪਣੇ ਰਾਜ-ਭਾਗ ਨੂੰ ਭੋਗਦੇ ਰਹੇ, ਇਸ ਲਈ ਸਾਰੀ ਕੌਮ ਬਾਦਲ ਦਲ ਦੀ ਸਿਆਸੀ ਫਿਤਰਤ ਤੋਂ ਜਾਣੂ ਹੈ।


Related News