ਬਾਦਲ ਤੇ ਕੈਪਟਨ ਦੋਵੇਂ ਹੀ ਮਿਲੇ ਹੋਏ, ਬਿੱਲਾਂ ਬਾਰੇ ਇਨ੍ਹਾਂ ਨੂੰ ਸੀ ਪੂਰੀ ਜਾਣਕਾਰੀ : ਭਗਵੰਤ ਮਾਨ

Wednesday, Sep 30, 2020 - 01:56 AM (IST)

ਬਾਦਲ ਤੇ ਕੈਪਟਨ ਦੋਵੇਂ ਹੀ ਮਿਲੇ ਹੋਏ, ਬਿੱਲਾਂ ਬਾਰੇ ਇਨ੍ਹਾਂ ਨੂੰ ਸੀ ਪੂਰੀ ਜਾਣਕਾਰੀ : ਭਗਵੰਤ ਮਾਨ

ਲੁਧਿਆਣਾ, (ਸਲੂਜਾ)- ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਐੱਮ. ਪੀ. ਭਗਵੰਤ ਮਾਨ ਨੇ ਐਲਾਨ ਕੀਤਾ ਕਿ ‘ਗ੍ਰਾਮ ਸਭਾ ਬਣਾਓ-ਪੰਜਾਬ ਬਚਾਓ’ ਮੁਹਿੰਮ ਨਾਲ ‘ਆਪ’ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਏਗੀ। ਇਸ ਮੁਹਿੰਮ ਦਾ ਆਗਾਜ਼ ਸੰਗਰੂਰ ਦੇ ਪਿੰਡ ਘਰਾਚੋ ਤੋਂ 30 ਸਤੰਬਰ ਤੋਂ ਕੀਤਾ ਜਾਵੇਗਾ।

ਭਗਵੰਤ ਮਾਨ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗ੍ਰਾਮ ਸਭਾ ਲਈ ਸਿਰਫ ਪਿੰਡ ਦੇ 20 ਫੀਸਦੀ ਵਿਅਕਤੀਆਂ ਦੀ ਸ਼ਮੂਲੀਅਤ ਜ਼ਰੂਰੀ ਹੈ। ਇਸ ਵਿਚ 18 ਸਾਲ ਤੋਂ ਜ਼ਿਆਦਾ ਦੇ ਲੜਕੇ ਅਤੇ ਲੜਕੀਆਂ ਵੀ ਸ਼ਾਮਲ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ 12,500 ਪਿੰਡ ਹਨ। ਇੰਨੀ ਗਿਣਤੀ ’ਚ ਗ੍ਰਾਮ ਪੰਚਾਇਤਾਂ ਬਣਾ ਕੇ ਮੋਦੀ ਸਰਕਾਰ ਨੂੰ ਸੂਚੀ ਭੇਜ ਦਿਓ ਕਿ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਮਜਬੂਰ ਹੋ ਜਾਵੇ।

ਮਾਨ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਨੂੰ ਲੈ ਕੇ ਪਿਛਲੇ ਸਾਲ 2019 ਵਿਚ ਭਾਜਪਾ ਦੀ ਕੇਂਦਰੀ ਸਰਕਾਰ ਨੇ ਭਾਜਪਾ ਨਾਲ ਸਬੰਧਤ 5 ਸੂਬਿਆਂ ਸਰਕਾਰਾਂ ਦੀਆਂ ਮੀਟਿੰਗਾਂ ਕੀਤੀਆਂ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ ਸਮੇਤ ਦੋ-ਤਿੰਨ ਕਾਂਗਰਸ ਪਾਰਟੀ ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ਨੂੰ ਵੀ ਅਗਲੀਆਂ ਮੀਟਿੰਗਾਂ ’ਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ, ਜਿਸ ਵਿਚ ਪੰਜਾਬ ਦੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੀ ਸ਼ਾਮਲ ਹੋਏ। ਇਨ੍ਹਾਂ ਨੇ ਇਹ ਗੱਲ ਪੁੱਛਣ ਦੀ ਲੋੜ ਹੀ ਨਹੀਂ ਸਮਝੀ ਕਿ ਇਸ ਤੋਂ ਪਹਿਲਾਂ ਹੋਈਆਂ ਮੀਟਿੰਗਾਂ ’ਚ ਕੀ ਹੋਇਆ ਹੈ।

‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਬਾਦਲ ਤਾਂ ਪਹਿਲਾਂ ਹੀ ਮੋਦੀ ਸਰਕਾਰ ਦੀ ਹਾਂ ਵਿਚ ਹਾਂ ਮਿਲਾਉਂਦਾ ਆ ਰਿਹਾ ਸੀ। ਜਦੋਂ ਤੱਕ ਸੰਸਦ ਵਿਚ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਨਹੀਂ ਹੋ ਗਏ, ਉਦੋਂ ਤੱਕ ਅਕਾਲੀ ਦਲ ਇਨ੍ਹਾਂ ਬਿੱਲਾਂ ਨੂੰ ਸਹੀ ਠਹਿਰਾਉਂਦਾ ਰਿਹਾ। ਜਦੋਂ ਪੰਜਾਬ ਵਿਚ ਕਿਸਾਨ ਉੱਠ ਖੜ੍ਹੇ ਹੋਏ ਤਾਂ ਫਿਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਵਜ਼ੀਰੀ ਛੱਡਣ ਅਤੇ ਭਾਜਪਾ ਨਾਲ ਗੱਠਜੋੜ ਤੋੜਨ ਦਾ ਐਲਾਨ ਕਰ ਕੇ ਕਿਸਾਨਾਂ ਨਾਲ ਖੜ੍ਹੇ ਹੋਣ ਦਾ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਆਪਸ ਵਿਚ ਮਿਲੇ ਹੋਏ ਹਨ। ਇਨ੍ਹਾਂ ਦੋਵਾਂ ਨੂੰ ਪਹਿਲਾਂ ਤੋਂ ਹੀ ਕਿਸਾਨ ਵਿਰੋਧੀ ਬਿੱਲਾਂ ਦੇ ਪਾਸ ਹੋਣ ਦੀ ਜਾਣਕਾਰੀ ਸੀ।

ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਵੱਡੇ ਪੂੰਜੀਪਤੀਆਂ ਦੀ ਝੋਲੀ ’ਚ ਡਿੱਗ ਚੁੱਕੀ ਹੈ, ਜੋ ਇਹ ਪੂੰਜੀਪਤੀ ਚਾਹੁੰਦੇ ਹਨ, ਉਹੀ ਮੋਦੀ ਸਰਕਾਰ ਕਰ ਰਹੀ ਹੈ। ਸਰਕਾਰ ਨੂੰ ਇਸ ਗੱਲ ਤੋਂ ਕੁਝ ਲੈਣਾ ਦੇਣਾ ਨਹੀਂ ਕਿ ਇਹ ਕਿਸਾਨ ਵਿਰੋਧੀ ਹੈ ਜਾਂ ਆਮ ਜਨਤਾ ਵਿਰੋਧੀ। ਇਸ ਮੌਕੇ ‘ਆਪ’ ਦੀ ਵਿਧਾਨ ਸਭਾ ’ਚ ਡਿਪਟੀ ਲੀਡਰ ਸਰਬਜੀਤ ਕੌਰ ਮਾਣੂਕੇ, ਹਲਕਾ ਆਤਮ ਨਗਰ ਦੇ ਸਾਬਕਾ ਇੰਚਾਰਜ ਰਵਿੰਦਰਪਾਲ ਸਿੰਘ ਪਾਲੀ, ਇੰਡਸਟਰੀ ਐਂਡ ਟਰੇਡ ਵਿੰਗ ਲੁਧਿਆਣਾ ਦੇ ਸਾਬਕਾ ਪ੍ਰਧਾਨ ਪਰਮਪਾਲ ਸਿੰਘ ਬਾਵਾ, ਸੀ. ਏ. ਸੁਰੇਸ਼ ਗੋਇਲ, ਸ਼ਰਣਪਾਲ ਸਿੰਘ ਮੱਕੜ, ਗੁਰਦੀਪ ਸਿੰਘ ਅਤੇ ਬਲਦੇਵ ਸਿੰਘ ਸੁਮਨ ਆਦਿ ਹਾਜ਼ਰ ਸਨ।


author

Bharat Thapa

Content Editor

Related News