ਪੰਜਾਬ ''ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੁਰੀ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ

Saturday, Apr 05, 2025 - 12:41 PM (IST)

ਪੰਜਾਬ ''ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੁਰੀ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ

ਮਾਛੀਵਾੜਾ ਸਾਹਿਬ (ਟੱਕਰ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ 4 ਅਪ੍ਰੈਲ ਤੱਕ ਇੰਤਕਾਲ ਦਾ ਕੰਮ ਮੁਕੰਮਲ ਕਰਨ ਦੇ ਹੁਕਮ ਮਾਛੀਵਾੜਾ ਸਾਹਿਬ ਸਬ ਤਹਿਸੀਲ ’ਚ ਲਾਗੂ ਨਹੀਂ ਹੋਏ। ਇੱਥੇ ਨਾਇਬ ਤਹਿਸੀਲਦਾਰ ਛੁੱਟੀ ’ਤੇ ਹੋਣ ਕਾਰਨ ਸੈਂਕੜੇ ਰਜਿਸਟਰੀਆਂ ਦੇ ਇੰਤਕਾਲ ਦਾ ਕੰਮ ਲਟਕਿਆ ਹੋਇਆ ਹੈ। ਪਿਛਲੇ ਸਮੇਂ ਦੌਰਾਨ ਮਾਲ ਵਿਭਾਗ ਦੇ ਤਹਿਸੀਲਦਾਰਾਂ ਦੀ ਹੜਤਾਲ ਤੋਂ ਖ਼ਫ਼ਾ ਹੋਏ ਮੁੱਖ ਮੰਤਰੀ ਨੇ ਕਈ ਤਹਿਸੀਲਾਂ ’ਚ ਕਾਨੂੰਨਗੋ ਨੂੰ ਰਜਿਸਟਰੀਆਂ ਦਾ ਕੰਮ ਸੌਂਪ ਦਿੱਤਾ ਸੀ ਅਤੇ ਵੱਡੇ ਪੱਧਰ ’ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ। ਮਾਛੀਵਾੜਾ ਸਾਹਿਬ ਸਬ ਤਹਿਸੀਲ ’ਚ ਵੀ ਇਸ ਸਮੇਂ ਰਜਿਸਟਰੀਆਂ ਦਾ ਕੰਮ ਤਾਇਨਾਤ ਕਾਨੂੰਨਗੋ ਅਧਿਕਾਰੀ ਵੱਲੋਂ ਕੀਤਾ ਜਾਂਦਾ ਹੈ ਜਦਕਿ ਇੱਥੇ ਵਾਧੂ ਤੌਰ ’ਤੇ ਚਾਰਜ ਨਾਇਬ ਤਹਿਸੀਲਦਾਰ ਕੋਲ ਵੀ ਹੈ। ਸਬ ਤਹਿਸੀਲ ’ਚ ਆਉਣ ਵਾਲੇ ਲੋਕਾਂ ਦੀਆਂ ਜਾਇਦਾਦਾਂ ਦੀਆਂ ਰਜਿਸਟਰੀਆਂ ਦਾ ਕੰਮ ਤਾਂ ਕਾਨੂੰਨਗੋ ਵੱਲੋਂ ਲਗਾਤਾਰ ਜਾਰੀ ਹੈ ਪਰ ਇੰਤਕਾਲ ਦਰਜ ਕਰਨ ਦਾ ਕੰਮ ਸਮਰਾਲਾ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਕੋਲ ਹੈ ਅਤੇ ਵਾਧੂ ਚਾਰਜ ਮਾਛੀਵਾੜਾ ਸਬ ਤਹਿਸੀਲ ਦਾ ਹੈ।

ਇਹ ਵੀ ਪੜ੍ਹੋ : ਸ਼ਰਾਬ ਦੇ ਠੇਕਿਆਂ ਦੀ ਬੋਲੀ ਨੂੰ ਲੈ ਕੇ ਟੁੱਟੇ ਰਿਕਾਰਡ, ਇਤਿਹਾਸ 'ਚ ਪਹਿਲੀ ਵਾਰ ਹੋਇਆ ਇਹ ਕੰਮ

ਨਾਇਬ ਤਹਿਸੀਲਦਾਰ ਪਿਛਲੇ ਕਈ ਦਿਨਾਂ ਤੋਂ ਛੁੱਟੀ ’ਤੇ ਹੈ, ਜਿਸ ਕਾਰਨ ਮੁੱਖ ਮੰਤਰੀ ਵੱਲੋਂ 4 ਅਪ੍ਰੈਲ ਤੱਕ ਇੰਤਕਾਲ ਦਰਜ ਕਰਨ ਦੇ ਆਦੇਸ਼ ਪੂਰੇ ਨਾ ਹੋ ਸਕੇ। ਮਾਛੀਵਾੜਾ ਸਬ ਤਹਿਸੀਲ ਵਿਖੇ ਤਾਇਨਾਤ ਮਾਲ ਵਿਭਾਗ ਦੇ ਪਟਵਾਰੀਆਂ ਅਨੁਸਾਰ ਉਨ੍ਹਾਂ ਵੱਲੋਂ ਤਾਂ ਮੁੱਖ ਮੰਤਰੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ 300 ਤੋਂ ਵੱਧ ਇੰਤਕਾਲ ਦਰਜ ਕੀਤੇ ਜਾ ਚੁੱਕੇ ਹਨ ਤੇ ਕੋਈ ਵੀ ਕੰਮ ਬਕਾਇਆ ਨਹੀਂ ਛੱਡਿਆ ਗਿਆ ਪਰ ਹੁਣ ਨਾਇਬ ਤਹਿਸੀਲਦਾਰ ਦੇ ਆਉਣ ਤੋਂ ਬਾਅਦ ਹੀ ਇੰਤਕਾਲ ਦਾ ਕੰਮ ਨੇਪਰੇ ਚੜ੍ਹੇਗਾ। ਇੰਤਕਾਲਾਂ ਦਾ ਕੰਮ ਲਟਕਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਵਿਅਕਤੀਆਂ ਨੇ ਰਜਿਸਟਰੀ ਤੋਂ ਬਾਅਦ ਕਬਜ਼ਾ ਲੈਣਾ ਹੁੰਦਾ ਹੈ ਜਾਂ ਨਕਸ਼ੇ ਪਾਸ ਕਰਵਾਉਣੇ ਹੁੰਦੇ ਹਨ ਪਰ ਨਾਇਬ ਤਹਿਸੀਲਦਾਰ ਛੁੱਟੀ ’ਤੇ ਹੋਣ ਕਾਰਨ ਇਹ ਕੰਮ ਲਟਕਿਆ ਹੋਇਆ ਹੈ। ਲੋਕਾਂ ਨੇ ਮੰਗ ਕੀਤੀ ਕਿ ਜੇ ਇੱਥੇ ਤਾਇਨਾਤ ਨਾਇਬ ਤਹਿਸੀਲਦਾਰ ਛੁੱਟੀ ’ਤੇ ਹੈ ਤਾਂ ਉਸ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ ਤਾਂ ਕਿ ਲਟਕੇ ਇੰਤਕਾਲਾਂ ਦਾ ਕੰਮ ਪੂਰਾ ਹੋ ਸਕੇ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲ 'ਚ ਹੈਰਾਨ ਕਰਨ ਵਾਲੀ ਘਟਨਾ, ਮਿੰਟਾਂ 'ਚ ਪੈ ਗਿਆ ਭੜਥੂ

2 ਮਹੀਨੇ ਦੀ ਤਨਖ਼ਾਹ ਨਾ ਮਿਲਣ ਦੇ ਬਾਵਜੂਦ ਕੰਮ ਕਰ ਰਹੇ ਨੇ ਫ਼ਰਦ ਕੇਂਦਰ ਦੇ ਮੁਲਾਜ਼ਮ

ਮਾਛੀਵਾੜਾ ਸਾਹਿਬ ਸਬ ਤਹਿਸੀਲ ਦੇ ਫ਼ਰਦ ਕੇਂਦਰ ’ਚ ਕੰਮ ਕਰ ਰਹੇ ਮੁਲਾਜ਼ਮ ਵੀ ਬੇਹੱਦ ਪ੍ਰੇਸ਼ਾਨ ਦਿਖਾਈ ਦਿੱਤੇ। ਇਕ ਪ੍ਰਾਈਵੇਟ ਕੰਪਨੀ ਤਹਿਤ ਫ਼ਰਦ ਕੇਂਦਰ ’ਚ ਕੰਮ ਕਰਨ ਵਾਲੇ ਮੁਲਾਜ਼ਮ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 2 ਮਹੀਨੇ ਤੋਂ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੀ ਪਰ ਇਸ ਦੇ ਬਾਵਜੂਦ ਉਹ ਰੋਜ਼ਾਨਾ ਆ ਕੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ’ਚ ਕੁੱਲ 73 ਮੁਲਾਜ਼ਮ ਹਨ, ਜੋ ਫ਼ਰਦ ਕੇਂਦਰਾਂ ’ਚ ਕੰਮ ਕਰ ਰਹੇ ਹਨ ਤੇ ਇਨ੍ਹਾਂ ਸਾਰਿਆਂ ਨੂੰ 2 ਮਹੀਨੇ ਦੀ ਤਨਖ਼ਾਹ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਅੱਜ ਦੇ ਮਹਿੰਗਾਈ ਦੇ ਦੌਰ ’ਚ ਉਨ੍ਹਾਂ ਨੂੰ 8 ਹਜ਼ਾਰ ਰੁਪਏ ਦੇ ਕਰੀਬ ਤਨਖ਼ਾਹ ਮਿਲ ਰਹੀ ਹੈ ਤੇ 2 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਾਰਨ ਉਹ ਆਪਣੀ ਜੇਬ ’ਚੋਂ ਕਿਰਾਇਆ ਖ਼ਰਚ ਕੇ ਡਿਊਟੀ ’ਤੇ ਆ ਰਹੇ ਹਨ। 

ਇਹ ਵੀ ਪੜ੍ਹੋ : ਅੱਠਵੀਂ ਦੇ ਨਤੀਜਿਆਂ ਦਾ ਐਲਾਨ, ਹੁਸ਼ਿਆਰਪੁਰ ਦੇ ਪੁਨੀਤ ਨੇ ਪੰਜਾਬ ਭਰ 'ਚੋਂ ਕੀਤਾ ਟਾਪ

ਤਨਖ਼ਾਹ ਨਾ ਮਿਲਣ ਕਾਰਨ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਵੀ ਮੁਸ਼ਕਲ ਹੋਇਆ ਪਿਆ ਹੈ। ਉਹ ਰੋਜ਼ਾਨਾ ਸਰਕਾਰ ਨੂੰ ਨਿਗੁਣੀ ਤਨਖ਼ਾਹ ’ਤੇ ਕੰਮ ਕਰ ਕੇ ਲੋਕਾਂ ਨੂੰ ਫ਼ਰਦ ਮੁਹੱਈਆ ਕਰਵਾ ਕੇ ਲੱਖਾਂ ਰੁਪਏ ਇਕੱਠਾ ਕਰ ਕੇ ਖ਼ਜ਼ਾਨਾ ਭਰ ਰਹੇ ਹਨ ਪਰ ਹੁਣ ਹਾਲਾਤ ਇਹ ਹੋ ਗਏ ਹਨ ਕਿ ਉਨ੍ਹਾਂ ਦੇ ਆਪਣੇ ਚੁੱਲ੍ਹੇ ਚੌਂਕੇ ਬੰਦ ਹੋਣ ਕਿਨਾਰੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਕ ਪਾਸੇ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਉਨ੍ਹਾਂ ਦਾ ਰੁਜ਼ਗਾਰ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁਲਾਜ਼ਮ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ ਕਿ ਫ਼ਰਦ ਕੇਂਦਰ ਦੇ ਮੁਲਾਜ਼ਮਾਂ ਦੀ ਤਨਖ਼ਾਹ ਜਲਦ ਤੋਂ ਜਲਦ ਦਿੱਤੀ ਜਾਵੇ ਤੇ ਉਨ੍ਹਾਂ ਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ 'ਚ ਡਿਪੂਆਂ ਤੋਂ ਮੁਫਤ ਰਾਸ਼ਨ ਲੈਣ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਹੁਕਮ ਹੋਏ ਜਾਰੀ

ਅਗਲੇ ਹਫ਼ਤੇ ਮੁਕੰਮਲ ਕਰ ਲਿਆ ਜਾਵੇਗਾ ਇੰਤਕਾਲਾਂ ਦਾ ਕੰਮ : ਕਾਨੂੰਨਗੋ

ਇਸ ਸਬੰਧੀ ਜਦੋਂ ਕਾਨੂੰਨਗੋ ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਛੁੱਟੀ ’ਤੇ ਗਏ ਹੋਣ ਕਾਰਨ ਮਾਛੀਵਾੜਾ ਸਬ ਤਹਿਸੀਲ ’ਚ ਇੰਤਕਾਲਾਂ ਦਾ ਕੰਮ ਲਟਕਿਆ ਪਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਤੋਂ ਨਾਇਬ ਤਹਿਸੀਲਦਾਰ ਕੰਮ ’ਤੇ ਵਾਪਸ ਆ ਜਾਣਗੇ, ਜਿਸ ਤੋਂ ਬਾਅਦ ਲਟਕੇ ਪਏ ਇੰਤਕਾਲਾਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਬਿਜਲੀ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਚੁੱਕਿਆ ਗਿਆ ਇਹ ਵੱਡਾ ਕਦਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News