ਪਿਆਕੜਾਂ ਲਈ ਮਾੜੀ ਖ਼ਬਰ! ਇੰਨੇ ਫ਼ੀਸਦੀ ਮਹਿੰਗੀ ਹੋਣ ਜਾ ਰਹੀ ਸ਼ਰਾਬ, ਹੁਣ ਜੇਬ ਹੋਵੇਗੀ ਹੋਰ ਢਿੱਲੀ
Wednesday, Mar 20, 2024 - 06:04 AM (IST)
ਜਲੰਧਰ (ਪੁਨੀਤ)– ਵਿੱਤੀ ਸਾਲ 2024-25 ਲਈ ਨਵੀਂ ਆਬਕਾਰੀ ਨੀਤੀ ਤਹਿਤ ਵਿਭਾਗ ਨੇ ਪਰਚੀ ਸਿਸਟਮ ਰਾਹੀਂ ਠੇਕਿਆਂ ਦਾ ਡਰਾਅ ਕੱਢਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਲਈ 17 ਮਾਰਚ ਤੱਕ ਅਪਲਾਈ ਕਰਨ ਦਾ ਸਮਾਂ ਦਿੱਤਾ ਗਿਆ ਸੀ। ਜਲੰਧਰ ਜ਼ਿਲੇ ਦੇ 21 ਗਰੁੱਪਾਂ ਲਈ ਵਿਭਾਗੀ ਦਫ਼ਤਰ ’ਚ 300 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਪਰ ਬੈਂਕਿੰਗ ਸਿਸਟਮ ਰਾਹੀਂ ਪ੍ਰਾਪਤ ਹੋਏ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ 21 ਗਰੁੱਪਾਂ ਲਈ ਅਪਲਾਈ ਕਰਨ ਵਾਲਿਆਂ ਦੀ ਗਿਣਤੀ 835 ਤੱਕ ਪਹੁੰਚ ਗਈ ਹੈ।
ਵਿਭਾਗ ਨੇ ਜਲੰਧਰ ਤੋਂ ਕਮਾਏ 6.26 ਕਰੋੜ ਰੁਪਏ
ਡਿਪਟੀ ਕਮਿਸ਼ਨਰ ਆਬਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ 22 ਮਾਰਚ ਨੂੰ ਰੈੱਡ ਕਰਾਸ ਦੀ ਇਮਾਰਤ ’ਚ ਨਿਲਾਮੀ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਕੇਵਲ ਪਰਚੀ ਪ੍ਰਣਾਲੀ ਰਾਹੀਂ ਮਹਿਜ਼ 6.26 ਕਰੋੜ ਰੁਪਏ ਦੀ ਕਮਾਈ ਕੀਤੀ ਗਈ ਹੈ। ਪ੍ਰਤੀ ਬਿਨੈ-ਪੱਤਰ ਦੀ ਲਾਗਤ 75000 ਰੁਪਏ ਰੱਖੀ ਗਈ ਸੀ, ਜੋ ਕਿ ਇਕ ਨਾ-ਵਾਪਸੀਯੋਗ ਰਕਮ ਹੈ। ਇਸ ਅਨੁਸਾਰ ਵਿਭਾਗ ਨੂੰ ਜਲੰਧਰ ਦੇ 21 ਗਰੁੱਪਾਂ ਤੋਂ 6.26 ਕਰੋੜ ਰੁਪਏ ਦੀ ਆਮਦਨ ਹੋਈ ਹੈ। ਡਰਾਅ ਬਾਰੇ ਗੱਲ ਕਰਦਿਆਂ ਵਿਭਾਗ ਨੇ ਐੱਸ. ਬੀ. ਆਈ. ਤੇ ਪੀ. ਐੱਨ. ਬੀ. ਬੈਂਕ ਰਾਹੀਂ ਅਪਲਾਈ ਕਰਨ ਦਾ ਵਿਕਲਪ ਸੀ ਤੇ ਫਾਈਲ ਸਿੱਧੇ ਆਬਕਾਰੀ ਵਿਭਾਗ ਦੇ ਦਫ਼ਤਰ ’ਚ ਵੀ ਜਮ੍ਹਾ ਕਰਵਾਈ ਜਾ ਸਕਦੀ ਸੀ।
ਇਹ ਖ਼ਬਰ ਵੀ ਪੜ੍ਹੋ : ਐਲਵਿਸ਼ ਯਾਦਵ ਨੂੰ ਉੱਚ ਸੁਰੱਖਿਆ ਸੈੱਲ ’ਚ ਕੀਤਾ ਸ਼ਿਫਟ, ਜਲਦ ਕਈ ਹੋਰ ਲੋਕਾਂ ਦੀ ਹੋ ਸਕਦੀ ਹੈ ਗ੍ਰਿਫ਼ਤਾਰੀ
ਦਿੱਲੀ ਦੇ ਠੇਕੇਦਾਰਾਂ ਨੇ ਵੀ ਕੀਤਾ ਜਲੰਧਰ ਲਈ ਅਪਲਾਈ
ਵਿਭਾਗ ਨੂੰ ਜਲੰਧਰ ਦੇ 21 ਸਮੂਹਾਂ ਲਈ ਦਫ਼ਤਰ ’ਚ 300 ਦਰਖ਼ਾਸਤਾਂ ਪ੍ਰਾਪਤ ਹੋਈਆਂ, ਜਦਕਿ ਬੈਂਕਿੰਗ ਪ੍ਰਣਾਲੀ ਰਾਹੀਂ ਇਹ ਹੈਰਾਨੀਜਨਕ ਅੰਕੜਾ 835 ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਬਿਨੈਕਾਰ ਵੀ ਹੈਰਾਨ ਨਜ਼ਰ ਆ ਰਹੇ ਹਨ ਤੇ ਇਸ ਅੰਕੜੇ ਨੇ ਅਧਿਕਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਇਸ ਤੋਂ ਵੀ ਅਹਿਮ ਗੱਲ ਇਹ ਸਾਹਮਣੇ ਆਈ ਹੈ ਕਿ ਜਲੰਧਰ ਦੇ ਠੇਕਿਆਂ ਦੇ ਡਰਾਅ ਸਿਸਟਮ ’ਚ ਦਿੱਲੀ ਦੇ ਠੇਕੇਦਾਰ ਦਾਖ਼ਲ ਹੋ ਗਏ ਹਨ। ਬਿਨੈਕਾਰਾਂ ’ਚ ਦਿੱਲੀ ਤੋਂ ਆਏ ਠੇਕੇਦਾਰਾਂ ਦੇ ਨਾਂ ਵੇਖ ਕੇ ਲੱਗਦਾ ਹੈ ਕਿ ਜਲੰਧਰ ’ਚ ਸ਼ਰਾਬ ਦੇ ਕੰਮ ’ਚ ਵੱਡੀ ਕਮਾਈ ਹੋਵੇਗੀ। ਇਸ ਲਈ ਦਿੱਲੀ ਦੇ ਠੇਕੇਦਾਰਾਂ ਨੇ ਜਲੰਧਰ ’ਚ ਠੇਕਿਆਂ ਦਾ ਗਰੁੱਪ ਲੈਣ ਲਈ ਅਪਲਾਈ ਕੀਤਾ ਹੈ।
15 ਫ਼ੀਸਦੀ ਮਹਿੰਗੀ ਹੋਵੇਗੀ ਸ਼ਰਾਬ, ਬੀਅਰ ਹੋ ਸਕਦੀ ਸਸਤੀ
ਉਥੇ ਹੀ ਦਿੱਲੀ ਤੋਂ ਇਲਾਵਾ ਮੋਹਾਲੀ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਠੇਕੇਦਾਰਾਂ ਨੇ ਜਲੰਧਰ ਗਰੁੱਪਾਂ ’ਚ ਦਿਲਚਸਪੀ ਦਿਖਾਈ ਹੈ। ਇਸ ਦੇ ਨਾਲ ਹੀ ਇਸ ਵਾਰ ਸ਼ਰਾਬ ਦੀਆਂ ਕੀਮਤਾਂ ’ਚ 15 ਫ਼ੀਸਦੀ ਤੱਕ ਦਾ ਵਾਧਾ ਹੋਵੇਗਾ, ਜਦਕਿ ਬੀਅਰ ਦੀਆਂ ਕੀਮਤਾਂ ਹੇਠਾਂ ਆ ਸਕਦੀਆਂ ਹਨ। ਠੇਕਿਆਂ ਦੇ ਗਰੁੱਪਾਂ ਲਈ ਜੇਕਰ ਅਰਜ਼ੀਆਂ ਦੀ ਗੱਲ ਕਰੀਏ ਤਾਂ ਜਲੰਧਰ ਸ਼ਹਿਰ (ਕਾਰਪੋਰੇਸ਼ਨ ਦੀ ਹੱਦ) ਅਧੀਨ ਆਉਂਦੇ 14 ਗਰੁੱਪਾਂ ’ਚ 296 ਠੇਕੇ ਹੋਣਗੇ ਤੇ ਇਨ੍ਹਾਂ ਗਰੁੱਪਾਂ ਤੋਂ ਵਿਭਾਗ ਨੂੰ 526.52 ਕਰੋੜ ਰੁਪਏ ਦੀ ਆਮਦਨ ਹੋਵੇਗੀ। ਇਸ ਦੇ ਨਾਲ ਹੀ 7 ਪੇਂਡੂ ਗਰੁੱਪਾਂ ’ਚ 344 ਠੇਕੇ ਹੋਣਗੇ, ਜਦਕਿ ਇਸ ਤੋਂ 269.33 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਵੇਗਾ। ਜਲੰਧਰ ’ਚ ਕੁਲ 640 ਠੇਕੇ ਹੋਣਗੇ ਤੇ ਵਿਭਾਗ ਨੂੰ ਜਲੰਧਰ ਜ਼ਿਲੇ ’ਚੋਂ 795.85 ਕਰੋੜ ਰੁਪਏ ਦੀ ਆਮਦਨ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।