ਮੌਤ ਨੂੰ ਆਵਾਜ਼ਾਂ ਮਾਰ ਰਿਹੈ ਬੱਸ ਸਟੈਂਡ ਤੇ ਬੈਂਕਾਂ ਵਿਚਾਲੇ ਲੱਗਾ ਬਿਜਲੀ ਦਾ ਟ੍ਰਾਂਸਫਾਰਮਰ
Friday, Jun 09, 2017 - 07:59 AM (IST)
ਪਟਿਆਲਾ/ਸਨੌਰ (ਜੋਸਨ, ਕੁਲਦੀਪ) - ਸਨੌਰ ਬੱਸ ਸਟੈਂਡ 'ਤੇ ਦੋ ਵੱਡੇ ਬੈਂਕਾਂ ਵਿਚਾਲੇ ਬਹੁਤ ਹੀ ਨੀਵਾਂ ਅਤੇ ਗਲਤ ਸਾਈਡ 'ਤੇ ਲੱਗਾ ਬਿਜਲੀ ਦਾ ਟ੍ਰਾਂਸਫਾਰਮਰ ਮੌਤ ਨੂੰ ਆਵਾਜ਼ਾਂ ਮਾਰ ਰਿਹਾ ਹੈ। ਟ੍ਰਾਂਸਫਾਰਮਰ ਨਾਲ ਲੱਗੀਆਂ ਨੰਗੀਆਂ ਤਾਰਾਂ ਕਿਸੇ ਸਮੇਂ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਦੂਜੇ ਪਾਸੇ ਬਿਜਲੀ ਨਿਗਮ ਸਨੌਰ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਜਾਂ ਕਹਿ ਲਵੋ ਕਿ ਕਿਸੇ ਹਾਦਸੇ ਦੀ ਉਡੀਕ 'ਚ ਹਨ। ਇਨ੍ਹਾਂ ਦੋਵੇਂ ਬੈਂਕਾਂ ਵਿਚ ਹਰ ਰੋਜ਼ ਹਜ਼ਾਰਾਂ ਲੋਕ ਆਉਂਦੇ ਹਨ। ਬੱਸ ਸਟੈਂਡ 'ਤੇ ਹੋਰ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਹਨ, ਜਿੱਥੇ ਕਿ ਇਹ ਟ੍ਰਾਂਸਫਾਰਮਰ ਲਾਇਆ ਜਾ ਸਕਦਾ ਹੈ। ਅਧਿਕਾਰੀ ਜਾਣ-ਬੁੱਝ ਕੇ ਅਜਿਹਾ ਨਹੀਂ ਕਰ ਰਹੇ ਹਨ। ਟ੍ਰਾਂਸਫਾਰਮਰ ਦੁਆਲੇ ਬਿਜਲੀ ਦੀਆਂ ਨੰਗੀਆਂ ਤਾਰਾਂ ਇੱਕ ਗਰਿੱਡ ਦਾ ਭੁਲੇਖਾ ਪਾਉਂਦੀਆਂ ਹਨ। ਬੇਹੱਦ ਨੀਵੀਆਂ ਹੋਣ ਕਾਰਨ ਕਿਸੇ ਵੀ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਸਕਦੀਆਂ ਹਨ। ਲੋਕਾਂ ਨੇ ਵਾਰ-ਵਾਰ ਟ੍ਰਾਂਸਫਾਰਮਰ ਨੂੰ ਬਦਲਣ ਦੀ ਮੰਗ ਕੀਤੀ ਹੈ ਪਰ ਬਿਜਲੀ ਨਿਗਮ ਦੇ ਅਧਿਕਾਰੀ ਖਾਮੋਸ਼ ਹਨ।
ਇਸ ਮੌਕੇ ਸ਼ਿਵ ਕੁਮਾਰ ਗਰਗ, ਕ੍ਰਿਸ਼ਨ ਸਿੰਘ ਸਨੌਰ, ਅਮਰਜੀਤ ਸਿੰਘ ਅਤੇ ਹੋਰ ਵੀ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਟ੍ਰਾਂਸਫਾਰਮਰ ਨੂੰ ਤੁਰੰਤ ਬਦਲਿਆ ਜਾਵੇ। ਬਿਜਲੀ ਨਿਗਮ ਦੇ ਅਧਿਕਾਰੀਆਂ ਲਈ ਇਸ ਟ੍ਰਾਂਸਫਾਰਮਰ ਨੂੰ ਬਦਲਣਾ ਕੋਈ ਵੱਡੀ ਗੱਲ ਨਹੀਂ ਹੈ।
ਕੋਈ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਲੰਘੇ ਦਿਨ ਹੀ ਬਿਜਲੀ ਨਿਗਮ ਸਨੌਰ ਦੀ ਅਣਗਹਿਲੀ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਲੋਕਾਂ ਨੇ ਐਲਾਨ ਕੀਤਾ ਹੈ ਕਿ ਉਹ ਬਿਜਲੀ ਨਿਗਮ ਦੇ ਚੇਅਰਮੈਨ ਅਤੇ ਡਾਇਰੈਕਟਰ ਨੂੰ ਮਿਲਣਗੇ। ਮੈਮੋਰੰਡਮ ਦੇ ਕੇ ਟ੍ਰਾਂਸਫਾਰਮਰ ਨੂੰ ਇੱਥੋਂ ਬਦਲਣ ਦੀ ਮੰਗ ਕਰਨਗੇ।
