ਰੇਪ ਪੀੜਤਾ ਮਾਂ ਨੇ ਬੱਚੀ ਨੂੰ ਠੁਕਰਾਇਆ, ਖੁਸ਼ਹਾਲ ਪਰਿਵਾਰ ਨੇ ਅਪਣਾਇਆ

Sunday, Nov 05, 2017 - 07:58 AM (IST)

ਰੇਪ ਪੀੜਤਾ ਮਾਂ ਨੇ ਬੱਚੀ ਨੂੰ ਠੁਕਰਾਇਆ, ਖੁਸ਼ਹਾਲ ਪਰਿਵਾਰ ਨੇ ਅਪਣਾਇਆ

ਚੰਡੀਗੜ੍ਹ  (ਰੋਹਿਲਾ) - ਜਿਹੜੀ ਬਦਕਿਸਮਤ ਬੱਚੀ ਨੂੰ ਉਸ ਦੀ ਨਾਬਾਲਿਗ ਰੇਪ ਪੀੜਤਾ ਮਾਂ ਤੇ ਉਸ ਦੇ ਪਰਿਵਾਰ ਨੇ ਠੁਕਰਾ ਦਿੱਤਾ ਸੀ, ਉਸੇ ਬੱਚੀ ਨੂੰ ਇਕ ਖੁਸ਼ਹਾਲ ਪਰਿਵਾਰ ਨੇ ਅਪਣਾਉਣ ਦਾ ਮਨ ਬਣਾ ਲਿਆ ਹੈ। 10 ਦਿਨਾਂ ਦੇ ਅੰਦਰ ਹੀ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਬੱਚੀ ਨੂੰ ਗੋਦ ਲੈਣ ਵਾਲੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ। 17 ਅਗਸਤ ਨੂੰ ਮੈਡੀਕਲ ਕਾਲਜ ਦੇ ਹਸਪਤਾਲ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਰੇਪ ਪੀੜਤਾ ਨਾਬਾਲਿਗ ਬੱਚੀ ਨੇ ਇਸ ਬੱਚੀ ਨੂੰ ਜਨਮ ਦਿੱਤਾ ਸੀ ਪਰ ਜਨਮ ਤੋਂ ਬਾਅਦ ਰੇਪ ਪੀੜਤਾ ਮਾਂ ਨੇ ਪੈਦਾ ਹੋਈ ਬੱੱਚੀ ਨੂੰ ਦੇਖਣ ਤਕ ਤੋਂ ਇਨਕਾਰ ਕਰ ਦਿੱਤਾ ਸੀ। ਬੱਚੀ ਨੂੰ ਪ੍ਰਸ਼ਾਸਨ ਨੇ ਸੈਕਟਰ-15 ਸਥਿਤ ਆਸ਼ਿਆਨਾ ਹੋਮ ਵਿਚ ਰੱਖਿਆ ਸੀ, ਜਿਥੇ ਉਸ ਦਾ ਪਾਲਣ-ਪੋਸ਼ਣ ਹੋ ਰਿਹਾ ਸੀ। ਦੋ ਮਹੀਨੇ ਪੂਰੇ ਹੋਣ 'ਤੇ ਬੱਚੀ ਨੂੰ ਗੋਦ ਲੈਣ ਦੀ ਪ੍ਰੀਕਿਰਿਆ ਲਈ ਬਣਾਏ ਗਏ ਸੰਗਠਨ (ਕਾਰਾ) ਨੇ ਬੱਚੀ ਦੇ ਅਡਾਪਸ਼ਨ ਲਈ ਵੈੱਬਸਾਈਟ 'ਤੇ ਇਸ਼ਤਿਹਾਰ ਦਿੱਤਾ ਸੀ, ਜਿਸ ਤੋਂ ਬਾਅਦ ਦੇਸ਼-ਵਿਦੇਸ਼ ਤੋਂ ਬੱਚੀ ਨੂੰ ਗੋਦ ਲੈਣ ਲਈ ਅਰਜ਼ੀਆਂ ਮਿਲਣ ਲੱਗੀਆਂ ਸਨ।
ਜੋੜੇ ਨੇ ਪੂਰੇ ਕੀਤੇ ਮਾਪਦੰਡ
ਤਮਾਮ ਪਹਿਲੂਆਂ 'ਤੇ ਵਿਚਾਰ ਕਰਨ ਤੇ ਗੋਦ ਲੈਣ ਵਾਲੇ ਪਰਿਵਾਰ ਦੀ ਇੰਟਰਵਿਊ ਤੋਂ ਬਾਅਦ ਇਕ ਖੁਸ਼ਹਾਲ ਪਰਿਵਾਰ ਦੇ ਜੋੜੇ ਨੇ ਸਾਰੇ ਮਾਪਦੰਡ ਪੂਰੇ ਕੀਤੇ, ਜਿਨ੍ਹਾਂ ਨੂੰ ਕਈ ਬੱਚੇ ਦਿਖਾਏ ਗਏ ਸਨ ਤੇ ਉਨ੍ਹਾਂ ਵਿਚੋਂ ਚੁਣਨ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਜੋੜੇ ਨੇ ਉਕਤ ਬੱਚੀ ਨੂੰ ਫਾਈਨਲ ਕੀਤਾ ਸੀ। 10 ਦਿਨਾਂ ਦੇ ਅੰਦਰ ਬੱਚੀ ਨੂੰ ਆਪਣਾ ਘਰ ਮਿਲ ਜਾਵੇਗਾ। ਉਕਤ ਬੱਚੀ ਤੋਂ ਇਲਾਵਾ ਇਕ ਹੋਰ ਬੱਚੀ ਨੂੰ ਵੀ ਇਕ ਜੋੜੇ ਨੇ ਅਪਣਾ ਲਿਆ ਹੈ, ਉਸ ਦੀਆਂ ਵੀ ਰਸਮਾਂ ਪੂਰੀਆਂ ਕਰਕੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।


Related News