ਬਾਬਾ ਸੋਢਲ ਮੇਲਾ 2021 : ਜਾਣੋ 200 ਸਾਲ ਪੁਰਾਣੇ ਮੰਦਰ ਦਾ ਇਤਿਹਾਸ ਅਤੇ ਕਥਾ ਦੀ ਮਹਾਨਤਾ ਦੇ ਬਾਰੇ

Sunday, Sep 19, 2021 - 09:21 AM (IST)

ਬਾਬਾ ਸੋਢਲ ਮੇਲਾ 2021 : ਜਾਣੋ 200 ਸਾਲ ਪੁਰਾਣੇ ਮੰਦਰ ਦਾ ਇਤਿਹਾਸ ਅਤੇ ਕਥਾ ਦੀ ਮਹਾਨਤਾ ਦੇ ਬਾਰੇ

ਜਲੰਧਰ (ਬਿਊਰੋ) - ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੰਦਰ ਅਤੇ ਤਲਾਬ ਕਰੀਬ 200 ਸਾਲ ਪੁਰਾਣਾ ਹੈ। ਜਲੰਧਰ ਸ਼ਹਿਰ ਵਿਚ ਜਿਸ ਥਾਂ ’ਤੇ ਅੱਜ ਸਿੱਧ ਬਾਬਾ ਸੋਢਲ ਦਾ ਮੰਦਰ ਹੈ, ਕਈ ਸਾਲ ਪਹਿਲਾਂ ਉਸ ਜਗ੍ਹਾ ’ਤੇ ਇੱਕ ਛੋਟਾ ਜਿਹਾ ਤਾਲਾਬ ਹੁੰਦਾ ਸੀ। ਉਸ ਸਮੇਂ ਇਥੇ ਚਾਰੇ ਪਾਸੇ ਸੰਘਣਾ ਜੰਗਲ ਹੁੰਦਾ ਸੀ। ਕੰਧ ’ਚ ਉਸ ਦਾ ਸ਼੍ਰੀ ਰੂਪ ਸਥਾਪਤ ਕੀਤਾ ਗਿਆ ਹੈ, ਜਿਸ ਨੂੰ ਮੰਦਰ ਦਾ ਰੂਪ ਦਿੱਤਾ ਗਿਆ ਹੈ। ਬਹੁਤ ਸਾਰੇ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਸ਼੍ਰੀ ਸਿੱਧ ਬਾਬਾ ਸੋਡਲ ਜੀ ਦੇ ਮੰਦਰ ਆਉਂਦੇ ਹਨ। ਇਹ ਮੰਦਰ ਸਿੱਧ ਸਥਾਨ ਦੇ ਰੂਪ ਵਿਚ ਪ੍ਰਸਿੱਧ ਹੈ। ਇਥੇ ਇਕ ਤਲਾਬ ਹੈ, ਜਿਸ ਦੇ ਚਾਰੇ ਪਾਸੇ ਪੱਕੀਆਂ ਪੌੜੀਆਂ ਬਣੀਆਂ ਹੋਈਆਂ ਹਨ ਅਤੇ ਵਿਚਕਾਰ ਇਕ ਗੋਲ ਚਬੂਤਰੇ ਵਿਚ ਸ਼ੇਸ਼ ਨਾਗ ਦਾ ਸਵਰੂਪ ਹੈ।

PunjabKesari

ਚੱਢਾ ਬਰਾਦਰੀ ਦੇ ਜਠੇਰੇ ਤੇ ਆਨੰਦ ਬਰਾਦਰੀ ਦੇ ਨਾਲ ਇਸ ਮੰਦਰ ਦਾ ਇਤਿਹਾਸ ਜੁੜਿਆ ਹੈ। ਹਰ ਸਾਲ ਇਹ ਮੇਲਾ ਭਾਦੋਂ (ਸਤੰਬਰ) ਮਹੀਨੇ ਵਿਚ ਆਯੋਜਿਤ ਕੀਤਾ ਜਾਂਦਾ ਹੈ। ਇਹ ਮੇਲਾ ਖਾਸ ਕਰਕੇ ਸ਼ੁਕਲ ਪਾਸ਼ੀ ਦੇ 14ਵੇਂ ਦਿਨ ਹੁੰਦਾ ਹੈ। ਇਥੇ ਹਰ ਧਰਮ ਦੇ ਲੋਕ ਬੜੀ ਸ਼ਰਧਾ-ਭਾਵਨਾ ਨਾਲ ਆਉਂਦੇ ਹਨ ਅਤੇ ਸੁੱਖਣਾ ਸੁੱਖਦੇ ਹਨ। ਸੁੱਖਣਾ ਪੂਰੀ ਹੋਣ 'ਤੇ ਲੋਕ ਬੈਂਡ-ਵਾਜਿਆਂ ਨਾਲ ਬਾਬਾ ਜੀ ਦੇ ਦਰਬਾਰ ਵਿਚ ਆਉਂਦੇ ਹਨ। ਬਾਬਾ ਜੀ ਨੂੰ ਭੇਟ ਦੇ ਨਾਲ-ਨਾਲ 14 ਰੋਟ ਦਾ ਪ੍ਰਸਾਦ ਵੀ ਚੜ੍ਹਾਉਂਦੇ ਹਨ, ਜਿਨ੍ਹਾਂ ਵਿਚੋਂ 7 ਰੋਟ ਪ੍ਰਸਾਦ ਦੇ ਰੂਪ ’ਚ ਵਾਪਸ ਮਿਲ ਜਾਂਦੇ ਹਨ। ਘਰ ਦੀ ਧੀ ਉਸ ਪ੍ਰਸਾਦ ਖਾ ਸਕਦੀ ਹੈ ਪਰ ਉਸ ਦੇ ਪਤੀ ਅਤੇ ਬੱਚਿਆਂ ਨੂੰ ਦੇਣਾ ਮਨ੍ਹਾ ਹੈ। ਇਸ ਸਮੇਂ ਇਹ ਮੰਦਰ ਸੋਢਲ ਰੋਡ 'ਤੇ ਮੌਜੂਦ ਹੈ।

PunjabKesari

ਸਿੱਧ ਬਾਬਾ ਸੋਢਲ ਜੀ ਦੀ ਕਥਾ
ਪੁਰਾਤਨ ਕਥਾ ਅਨੁਸਾਰ ਇਹ ਇਕ ਉਦਾਸੀ ਸਾਧੂ ਦਾ ਅਸਥਾਨ ਸੀ। ਜਲੰਧਰ ਸ਼ਹਿਰ ਦੀ ਨਿਵਾਸੀ ਚੱਢਾ ਪਰਿਵਾਰ ਦੀ ਇਕ ਕੁੜੀ ਦਾ ਵਿਆਹ ਅਨੰਦ ਪਰਿਵਾਰ ਵਿਚ ਹੋਇਆ। ਵਿਆਹ ਤੋਂ ਲੰਬੇ ਅਰਸੇ ਬਾਅਦ ਵੀ ਉਨ੍ਹਾਂ ਦੇ ਘਰ ਸੰਤਾਨ ਨਹੀਂ ਹੋਈ। ਬਹੁਤ ਥਾਵਾਂ ਤੋਂ ਮੰਨਤਾਂ ਮੰਗਣ ਉਪਰੰਤ ਕਿਸੇ ਨੇ ਉਸ ਕੁੜੀ ਨੂੰ ਆਖਿਆ ਕਿ ਉਸ ਦੇ ਕਰਮਾਂ 'ਚ ਔਲਾਦ ਦਾ ਸੁੱਖ ਨਹੀਂ ਹੈ। ਚੱਢਾ ਪਰਿਵਾਰ ਦੀ ਧੀ ਅਤੇ ਅਨੰਦ ਪਰਿਵਾਰ ਦੀ ਉਹ ਨੂੰਹ ਇਸ ਅਸਥਾਨ 'ਤੇ ਰਹਿੰਦੇ ਸਾਧੂ ਬਾਬਾ ਦੀ ਸੇਵਾ ਕਰਨ ਲੱਗੀ। ਉਸ ਦੀ ਸੇਵਾ ਤੋਂ ਇਕ ਦਿਨ ਸਾਧੂ ਮਹਾਰਾਜ ਖ਼ੁਸ਼ ਹੋਏ ਤਾਂ ਅਨੰਦ ਪਰਿਵਾਰ ਦੀ ਉਸ ਔਰਤ ਨੇ ਉਸ ਸਾਧੂ ਮਹਾਰਾਜ ਪਾਸੋਂ ਬੱਚੇ ਦੀ ਦਾਤ ਮੰਗੀ। ਉਨ੍ਹਾਂ ਕਿਹਾ ਕਿ 'ਸੰਤਾਨ ਸੁੱਖ ਤੇਰੇ ਕਰਮਾਂ 'ਚ ਨਹੀਂ ਹੈ ਪਰ ਤੇਰੀ ਸੇਵਾ ਨੂੰ ਵੇਖਦੇ ਹੋਏ ਤੈਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਹੋਵੇਗੀ ਪਰ ਉਹ ਬੱਚਾ ਪਰਮਾਤਮਾ ਦਾ ਪਿਆਰਾ ਹੋਵੇਗਾ, ਇਸ ਲਈ ਉਸ ਨੂੰ ਡਾਂਟਣਾ ਜਾਂ ਦੁਰਕਾਰਨਾ ਨਹੀਂ।'

PunjabKesari

ਸਮਾਂ ਬੀਤਣ 'ਤੇ ਉਸ ਕੁੜੀ ਦੇ ਘਰ ਇਕ ਪੁੱਤਰ ਦਾ ਜਨਮ ਹੋਇਆ। ਪਰਿਵਾਰ ਨੇ ਉਸ ਬੱਚੇ ਦਾ ਨਾਂ ਸੋਢਲ ਰੱਖਿਆ। ਬੱਚਾ ਜਦ ਪੰਜ ਸਾਲ ਦਾ ਹੋਇਆ ਤਾਂ ਇਕ ਦਿਨ ਅਨੰਦ ਪਰਿਵਾਰ ਦੀ ਉਹ ਨੂੰਹ ਇਸ ਅਸਥਾਨ 'ਤੇ ਛੱਪੜ ਕੰਢੇ ਕੱਪੜੇ ਧੋ ਰਹੀ ਸੀ ਤੇ ਨੰਨਾ ਸੋਢਲ ਪਾਣੀ ਨਾਲ ਸ਼ਰਾਰਤਾਂ ਕਰ ਰਿਹਾ ਸੀ। ਬਾਬਾ ਜੀ ਆਪਣੀ ਮਾਂ ਨੂੰ ਸ਼ਰਾਰਤਾਂ ਨਾਲ ਤੰਗ-ਪ੍ਰੇਸ਼ਾਨ ਕਰਨ ਲੱਗ ਪਏ, ਜਿਸ ਤੋਂ ਗੁੱਸੇ ਵਿਚ ਆ ਕੇ ਮਾਤਾ ਨੇ ਉਨ੍ਹਾਂ ਨੂੰ ਬੁਰਾ-ਭਲਾ ਆਖ ਦਿੱਤਾ। ਗੁੱਸੇ ਵਿਚ ਆ ਕੇ ਉਸ ਦੀ ਮਾਤਾ ਨੇ ਉਸ ਨੂੰ ਛੱਪੜ 'ਚ ਡੁੱਬ ਮਰਨ ਦੀ ਗੱਲ ਕਹਿ ਦਿੱਤੀ। ਬੱਚੇ ਨੇ ਛੱਪੜ 'ਚ ਛਾਲ ਮਾਰ ਦਿੱਤੀ ਤੇ ਅਲੋਪ ਹੋ ਗਿਆ। ਮਾਂ ਬਹੁਤ ਰੋਈ ਕੁਰਲਾਈ ਤੇ ਰੱਬ ਅੱਗੇ ਆਪਣੇ ਬੱਚੇ ਦੀ ਸਲਾਮਤੀ ਲਈ ਬਹੁਤ ਵਾਸਤੇ ਪਾਏ।

PunjabKesari

ਕੁਝ ਸਮੇਂ ਬਾਅਦ ਉਹ ਬੱਚਾ ਸ਼ੇਸ਼ ਨਾਗ ਦੇ ਰੂਪ 'ਚ ਛੱਪੜ 'ਚੋਂ ਬਾਹਰ ਆਇਆ ਤੇ ਉਸ ਨੇ ਦੱਸਿਆ ਕਿ ਉਹ ਜਗਤ ਕਲਿਆਣ ਲਈ ਪ੍ਰਗਟ ਹੋਇਆ ਹੈ। ਜੋ ਵੀ ਇੱਥੇ ਦੁੱਧ-ਪੁੱਤ ਦੀ ਦਾਤ ਮੰਗੇਗਾ, ਉਹ ਪੂਰੀ ਹੋਵੇਗੀ। ਉਸ ਸਮੇਂ ਤੋਂ ਚੱਢਾ ਪਰਿਵਾਰ ਦੇ ਲੋਕ ਆਪਣੇ ਘਰ ਤੋਂ ਲੋਹੇ ਦੀ ਕੜਾਈ 'ਚ ਬਣਾਈਆਂ ਮਿੱਠੀਆਂ ਮੱਠੀਆਂ ਪ੍ਰਸਾਦ ਦੇ ਰੂਪ 'ਚ ਲਿਆਉਂਦੇ ਹਨ। ਇਹ ਪ੍ਰਸਾਦ ਸਾਰਾ ਪਰਿਵਾਰ ਛਕ ਸਕਦਾ ਹੈ ਪਰ ਘਰ ਦੀਆਂ ਬੇਟੀਆਂ ਨਹੀਂ ਖਾ ਸਕਦੀਆਂ। ਪਰਿਵਾਰ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਮੇਲੇ ਤੋਂ 7-8 ਦਿਨ ਪਹਿਲਾਂ ਖੇਤਰੀ ਬੀਜੀ ਜਾਂਦੀ ਹੈ ਤੇ ਮੇਲੇ ਵਾਲੇ ਦਿਨ ਇੱਥੇ ਆ ਕੇ ਬਾਬਾ ਜੀ ਨੂੰ ਅਰਪਿਤ ਕੀਤੀ ਜਾਂਦੀ ਹੈ। ਜਿਸ ਥਾਂ ਉਸ ਸਮੇਂ ਛੱਪੜ ਸੀ, ਉੱਥੇ ਅੱਜ ਕੱਲ੍ਹ ਸਰੋਵਰ ਸਥਾਪਿਤ ਹੈ।
 


author

rajwinder kaur

Content Editor

Related News