''ਬਾਬੇ ਨਾਨਕ ਦਾ ਪਿੰਡ'' ਬਣਾਉਣ ਲਈ ਕੈਬਨਿਟ ਮੰਤਰੀਆਂ ਕੀਤਾ ਦੌਰਾ
Saturday, Jun 29, 2019 - 05:16 PM (IST)

ਸੁਲਤਾਨਪੁਰ ਲੋਧੀ (ਸੋਢੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੇਂਦਰ ਸਰਕਾਰ ਵਲੋਂ ਬਣਾਏ ਜਾਣ ਵਾਲੇ 'ਪਿੰਡ ਬਾਬੇ ਨਾਨਕ ਦਾ' ਲਈ ਜਗ੍ਹਾ ਦੀ ਚੋਣ ਕਰਨ ਲਈ ਪੰਜਾਬ ਦੇ ਤਿੰਨ ਕੈਬਨਿਟ ਮੰਤਰੀਆਂ ਚਰਨਜੀਤ ਸਿੰਘ ਚੰਨੀ, ਸੁਖਵਿੰਦਰ ਸਿੰਘ ਰੰਧਾਵਾ ਤੇ ਓ. ਪੀ. ਸੋਨੀ ਨੇ ਸੁਲਤਾਨਪੁਰ ਲੋਧੀ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ । ਇਸ ਸਮੇਂ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਇੰਜੀਨੀਅਰ ਦਵਿੰਦਰਪਾਲ ਸਿੰਘ ਖਰਬੰਦਾ ਤੇ ਏ. ਡੀ. ਸੀ. ਰਾਹੁਲ ਚਾਬਾ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜਲੇ ਪਿੰਡ ਮਾਛੀਜੋਆ ਦੀ ਹੱਦ 'ਚ ਪੁਰਾਤਨ ਹਦੀਰੇ ਨਾਲ ਲੱਗਦੀ ਜ਼ਮੀਨ ਤੇ ਪਿੰਡ ਰਣਧੀਰਪੁਰ ਦੀ ਜ਼ਮੀਨ ਦਾ ਜਾਇਜ਼ਾ ਲਿਆ।
ਉਪਰੰਤ ਉਨ੍ਹਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਜਿੱਥੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਸਤਨਾਮ ਸਿੰਘ ਰਿਆੜ ਤੇ ਸਰਬਜੀਤ ਸਿੰਘ ਧੂੰਦਾ ਐਡੀਸ਼ਨਲ ਮੈਨੇਜਰ ਨੇ ਸਿਰੋਪਾਓ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਡਿਪਟੀ ਕਮਿਸ਼ਨਰ ਕਪੂਰਥਲਾ ਇੰਜ ਖਰਬੰਦਾ ਨੇ ਦੱਸਿਆ ਕਿ ਜਲਦੀ ਹੀ ਜਗ੍ਹਾ ਦੀ ਚੋਣ ਕਰਕੇ ਕਾਰਜ ਸ਼ੁਰੂ ਹੋਵੇਗਾ। ਇਸ ਪ੍ਰੋਜੈਕਟ ਤੇ 3000 ਕਰੋੜ ਖਰਚ ਹੋਣਗੇ।