ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਾਡੇ ਵਾਂਗ ਹੀ ਯੋਗ ਹਨ : ਚਹਿਲ

Sunday, Dec 17, 2017 - 08:10 AM (IST)

ਫ਼ਰੀਦਕੋਟ  (ਹਾਲੀ/ਜੱਸੀ) - ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਵਿਸ਼ਵ ਦਿਵਿਆਂਗ ਦਿਨ ਬਾਬਾ ਫ਼ਰੀਦ ਸੱਭਿਆਚਾਰਕ ਕੇਂਦਰ ਦੇ ਓਪਨ ਏਅਰ ਥੀਏਟਰ 'ਚ ਮਨਾਇਆ ਗਿਆ। ਇਸ ਮੌਕੇ ਜ਼ਿਲਾ ਤੇ ਸੈਸ਼ਨਜ਼ ਜੱਜ ਮਾਣਯੋਗ ਸਤਵਿੰਦਰ ਸਿੰਘ ਚਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਾਡੇ ਵਾਂਗ ਹੀ ਯੋਗ ਹਨ। ਉਨ੍ਹਾਂ ਦਿਵਿਆਂਗ ਬੱਚਿਆਂ ਵੱਲੋਂ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਅਤੇ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਇਹ ਪ੍ਰਗਟਾਵਾ ਕੀਤਾ ਪਰ ਇਨ੍ਹਾਂ ਬੱਚਿਆਂ ਦਾ ਜ਼ਿਆਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਰੈੱਡ ਕਰਾਸ ਇਕ ਅਜਿਹੀ ਸੰਸਥਾ ਹੈ, ਜੋ ਸਮਾਜ 'ਚ ਬਹੁਤ ਹੀ ਵਧੀਆ ਕਾਰਜ ਕਰ ਰਹੀ ਹੈ। ਇਸ ਬਾਰੇ ਹਰ ਸਾਲ ਵਿਸ਼ਵ ਦਿਵਿਆਂਗ
ਦਿਨ ਨੂੰ ਸਮਰਪਿਤ ਸਮਾਗਮ ਕਰਵਾ ਕੇ ਉਹ ਲੋਕ, ਜੋ ਜਮਾਂਦਰੂ ਜਾਂ ਬਾਅਦ 'ਚ ਅੰਗਹੀਣ ਹੋ ਜਾਂਦੇ ਹਨ ਅਤੇ ਆਰਥਿਕ ਪੱਖੋਂ ਕਮਜ਼ੋਰ ਹਨ, ਨੂੰ ਟਰਾਈ ਸਾਈਕਲ, ਬਨਾਉਟੀ ਅੰਗ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਹਾਜ਼ਰੀਨ : ਇਸ ਦੌਰਨ ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਕਪਿਲ ਦੇਵ ਸਿੰਗਲਾ, ਐੱਸ. ਡੀ. ਐੱਮ. ਗੁਰਜੀਤ ਸਿੰਘ, ਸਹਾਇਕ ਕਮਿਸ਼ਨਰ ਜਗਦੀਸ਼ ਸਿੰਘ ਜੌਹਲ, ਸੰਤ ਰਿਸ਼ੀ ਰਾਮ ਜਲਾਲ ਵਾਲੇ, ਸਕੱਤਰ ਰੈੱਡ ਕਰਾਸ ਰੌਸ਼ਨ ਲਾਲ, ਕਮਲਾ ਬਹਿਲ, ਆਰ. ਸੀ. ਜੈਨ, ਕੈਪਟਨ (ਰਿਟਾ.) ਧਰਮ ਸਿੰਘ ਗਿੱਲ, ਐਕਸੀਅਨ ਰਾਜ ਕੁਮਾਰ, ਸੁਭਾਸ਼ ਕੁਮਾਰ, ਅਸੂਲ ਮੰਚ ਫਰੀਦਕੋਟ ਦੇ ਸੁਖਮੰਦਰ ਸ਼ਰਮਾ ਅਤੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਜੱਸੀ ਨੇ ਨਿਭਾਈ। ਸਮਾਗਮ 'ਚ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਦਿੱਤੀਆਂ ਜਾ ਰਹੀਆਂ ਕਾਨੂੰਨੀ ਸੇਵਾਵਾਂ ਦਾ ਸਾਹਿਤ ਵੀ ਵੰਡਿਆ ਗਿਆ।
ਦਿਵਿਆਂਗ ਵਿਅਕਤੀ ਸਮਾਜ ਦਾ ਅਨਿੱਖੜਵਾਂ ਅੰਗ : ਪਰਾਸ਼ਰ
ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਵਿਆਂਗ ਵਿਅਕਤੀ ਸਮਾਜ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਜੇਕਰ ਅਜਿਹੇ ਵਿਅਕਤੀਆਂ 'ਚ ਕੋਈ ਕਮੀ ਰੱਖੀ ਹੈ ਤਾਂ ਉਨ੍ਹਾਂ ਨੂੰ ਸਾਡੇ ਨਾਲੋਂ ਕਈ ਜ਼ਿਆਦਾ ਗੁਣ ਵੀ ਦਿੱਤੇ ਹਨ, ਜਿਨ੍ਹਾਂ ਦੇ ਅਜਿਹੇ ਗੁਣਾਂ ਨੂੰ ਉਭਾਰਨ ਦੀ ਲੋੜ ਹੈ। ਇਸ ਸਮੇਂ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ, ਜ਼ਿਲਾ ਤੇ ਸੈਸ਼ਨਜ਼ ਜੱਜ, ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ 20 ਟਰਾਈ ਸਾਈਕਲ, 5 ਵ੍ਹੀਲ ਚੇਅਰ ਅਤੇ 12 ਬਨਾਉਟੀ ਅੰਗਾਂ ਦੀ ਵੰਡ ਕੀਤੀ ਗਈ। ਇਸ ਤੋਂ ਪਹਿਲਾਂ ਰੈੱਡ ਕਰਾਸ ਸੰਸਥਾ ਵੱਲੋਂ ਚਲਾਏ ਜਾ ਰਹੇ ਉਮੰਗ, ਉਜਾਲਾ ਅਤੇ ਉਮੀਦ ਦੇ ਸਪੈਸ਼ਲ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।


Related News