ਮਾਮਲਾ ਡੀ.ਐੱਸ.ਪੀ. ਵੱਲੋਂ ਬਦਸਲੂਕੀ ਕਰਨ ਦਾ, ਐੱਸ. ਐੱਸ. ਪੀ. ਦਿਹਾਤੀ ਦੇ ਦਫਤਰ ਦਾ ਕੱਲ ਹੋਵੇਗਾ ਘਿਰਾਓ

09/17/2017 5:16:42 PM

ਅੰਮ੍ਰਿਤਸਰ (ਛੀਨਾ) - ਬਾਬਾ ਬਕਾਲਾ ਸਾਹਿਬ ਦੇ ਡੀ. ਐੱਸ. ਪੀ. ਵਲੋਂ ਭਗਵਾਨ ਵਾਲਮੀਕਿ ਸੰਘਰਸ਼ ਦਲ ਦੇ ਨੁਮਾਇੰਦਿਆਂ ਨਾਲ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਤੂਲ ਫੜ ਗਿਆ ਹੈ ਜਿਸ ਦੇ ਰੋਸ ਵਜੋਂ ਦਲ ਨੇ 18 ਸਤੰਬਰ ਨੂੰ ਐੱਸ. ਐੱਸ. ਪੀ. ਦਿਹਾਤੀ ਦੇ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸ ਸਬੰਧ 'ਚ ਗੱਲਬਾਤ ਕਰਦਿਆਂ ਭਗਵਾਨ ਵਾਲਮੀਕਿ ਸੰਘਰਸ਼ ਦਲ ਮਾਝਾ ਜ਼ੋਨ ਦੇ ਉਪ ਪ੍ਰਧਾਨ ਮਨਜੀਤ ਸਿੰਘ ਸੈਣੀ, ਜਨਰਲ ਸਕੱਤਰ ਕੁਲਦੀਪ ਸਿੰਘ ਮਕਬੂਲਪੁਰਾ ਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਕਰਨਜੀਤ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਬੀਤੇ ਦਿਨੀਂ ਬਾਬਾ ਬਕਾਲਾ ਸਾਹਿਬ ਦੇ ਡੀ. ਐੱਸ. ਪੀ. ਵਲੋਂ ਭਗਵਾਨ ਵਾਲਮੀਕਿ ਸੰਘਰਸ਼ ਦਲ ਦੇ ਨੁਮਾਇੰਦਿਆਂ ਨਾਲ ਬਦਸਲੂਕੀ ਕੀਤੇ ਜਾਣ ਦੇ ਰੋਸ ਵਜੋਂ ਐੱਸ. ਪੀ. ਹੈੱਡ ਕੁਆਰਟਰ ਨੂੰ ਮਿੱਲ ਕੇ ਉੱਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਜਿਨ੍ਹਾਂ ਵਲੋਂ ਇਹ ਸਾਰਾ ਮਾਮਲਾ ਐੱਸ. ਐੱਸ. ਪੀ. ਦਿਹਾਤੀ ਦੇ ਧਿਆਨ 'ਚ ਲਿਆ ਕੇ ਬਣਦੀ ਕਾਰਵਾਈ ਜਲਦ ਹੀ ਅਮਲ ਲਿਆਉਣ ਦਾ ਭਰੋਸਾ ਵੀ ਦਿਵਾਇਆ ਗਿਆ ਸੀ ਪਰ ਅਜੇ ਤੱਕ ਇਸ ਮਾਮਲੇ ਨੂੰ ਠੰਡੇ ਬਸਤੇ 'ਚ ਪਾਏ ਜਾਣ ਦੇ ਕਾਰਨ ਦਲ ਵਲੋਂ 18 ਸਤੰਬਰ ਨੂੰ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਗਿਆ ਹੈ। 
ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲਿਆਂ ਨਾਲ ਹੀ ਜੇਕਰ ਪੁਲਸ ਅਧਿਕਾਰੀ ਬਦਸਲੂਕੀ ਕਰਨ ਲੱਗ ਜਾਣਗੇ ਤਾਂ ਆਮ ਜਨਤਾ ਇਨ੍ਹਾਂ ਤੋਂ ਕਿਵੇਂ ਇਨਸਾਫ ਦੀ ਆਸ ਰੱਖ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਝਾ ਜ਼ੋਨ ਦੇ ਇੰਚਾਰਜ ਜੋਗਾ ਸਿੰਘ ਵਡਾਲਾ ਦੀ ਅਗਵਾਈ ਹੇਠ 18 ਸਤੰਬਰ ਨੂੰ ਜਥੇਬੰਦੀ ਵਲੋਂ ਮਕਬੂਲਪੁਰਾ ਤੋਂ ਲੈ ਕੇ ਐੱਸ.ਐੱਸ.ਪੀ. ਦਿਹਾਤੀ ਦੇ ਦਫਤਰ ਤੱਕ ਹੱਥਾਂ 'ਚ ਤਖਤੀਆਂ ਫੜ ਕੇ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ ਤੇ ਫਿਰ ਦਫਤਰ ਦੇ ਬਾਹਰ ਘਿਰਾਓ ਕਰ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਮੇਂ ਬਲਵਿੰਦਰ ਸਿੰਘ ਸੋਨੂੰ, ਰਣਜੀਤ ਸਿੰਘ, ਸੰਨੀ ਸਹੋਤਾ ਤੇ ਹੋਰ ਵੀ ਆਗੂ ਹਾਜ਼ਰ ਸਨ। 


Related News