ਬੀ. ਡੀ. ਪੀ. ਓ. ਦਫ਼ਤਰ ਮੁਲਾਜ਼ਮਾਂ ਵੱਲੋਂ ਹੜਤਾਲ

03/30/2018 2:45:15 AM

ਪਠਾਨਕੋਟ/ਸੁਜਾਨਪੁਰ,   (ਸ਼ਾਰਦਾ, ਹੀਰਾ ਲਾਲ, ਸਾਹਿਲ)-  ਪੰਜਾਬ ਪੰਚਾਇਤ ਸਕੱਤਰ ਬਲਾਕ ਸੰਮਤੀ ਸੁਪਰਡੈਂਟ ਜ਼ਿਲਾ ਪ੍ਰੀਸ਼ਦ ਮੁਲਾਜ਼ਮ ਯੂਨੀਅਨ ਵੱਲੋਂ ਬੀ. ਡੀ. ਪੀ. ਓ. ਦਫ਼ਤਰ ਸੁਜਾਨਪੁਰ ਵਿਚ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਹ ਹੜਤਾਲ ਲਗਾਤਾਰ ਚਾਰ ਅਪ੍ਰੈਲ ਤੱਕ ਚੱਲੇਗੀ ਅਤੇ ਪੰਜ ਅਪ੍ਰੈਲ ਨੂੰ ਜ਼ਿਲਾ ਪੱਧਰ 'ਤੇ ਰੋਸ ਧਰਨੇ ਦੇਣ ਤੋਂ ਬਾਅਦ ਡੀ. ਸੀ. ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਇਨ੍ਹਾਂ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਤਨਖਾਹ ਖਜ਼ਾਨਾ ਦਫ਼ਤਰ ਦੇ ਮਾਧਿਅਮ ਨਾਲ ਦੇਵੇ। ਉਥੇ ਹੀ ਮੁਲਾਜ਼ਮਾਂ ਦੀ ਪੈਂਡਿੰਗ ਤਨਖਾਹ ਅਤੇ ਸੀ. ਪੀ. ਐੱਫ. ਦੀ ਰਾਸ਼ੀ ਨੂੰ ਤੁਰੰਤ ਜਾਰੀ ਕੀਤਾ ਜਾਵੇ। ਹਰ ਮਹੀਨੇ ਦੀ ਪਹਿਲੀ ਤਰੀਕ 'ਤੇ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਜਾਵੇ। ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਛੇਤੀ ਪੂਰਾ ਨਾ ਕੀਤਾ ਗਿਆ ਤਾਂ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪੰਚਾਇਤ ਸਕੱਤਰ ਜੁਗਿੰਦਰ ਸਿੰਘ, ਰੌਸ਼ਨ ਲਾਲ, ਬਲਵਿੰਦਰ ਕੌਰ, ਬਿਆਸ ਦੇਵ, ਸੁਪਰਡੈਂਟ ਵਿਜੇ ਕੁਮਾਰੀ, ਸੋਨੀਆ ਸੈਣੀ, ਜਗਵੀਰ ਸਿੰਘ, ਨਿੰਮੀ ਸ਼ਰਮਾ, ਸੁਸ਼ੀਲ ਕੁਮਾਰ, ਸੌਦਾਗਰ ਸਿੰਘ, ਰਾਜੇਸ਼ ਸਿੰਘ, ਖੁਸ਼ਹਾਲ, ਲਖਵਿੰਦਰ ਸਿੰਘ ਆਦਿ ਮੌਜੂਦ ਸਨ।


Related News