ਛੁੱਟੀਆਂ ਦੌਰਾਨ ਡੀ. ਈ. ਓ. ਦਾ ਅਜੀਬੋ-ਗਰੀਬ ਫਰਮਾਨ, ਸਕੂਲਾਂ ’ਚ ਹਾਜ਼ਰ ਹੋ ਕੇ ਅਧਿਆਪਕ ਕਰਨਗੇ ਦਾਖ਼ਲੇ

05/29/2024 10:45:21 PM

ਲੁਧਿਆਣਾ (ਵਿੱਕੀ)– ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਵਲੋਂ ਜ਼ਿਲੇ ਦੇ ਸਾਰੇ ਸਕੂਲਾਂ ਦੇ ਪ੍ਰਮੁੱਖਾਂ ਨੂੰ ਇਕ ਪੱਤਰ ਜਾਰੀ ਕਰਦਿਆਂ ਸਕੂਲਾਂ ਦੀਆਂ ਐਡਮੀਸ਼ਨ ਕਮੇਟੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਕੂਲਾਂ ’ਚ ਗਰਮੀ ਦੀਆਂ ਛੁੱਟੀਆਂ ਦੌਰਾਨ 30 ਜੂਨ ਤੱਕ ਜੇਕਰ ਕੋਈ ਵਿਦਿਆਰਥੀ ਸਕੂਲ ’ਚ ਦਾਖ਼ਲਾ ਲੈਣ ਲਈ ਆਉਂਦਾ ਹੈ ਤਾਂ ਉਸ ਦੇ ਦਾਖ਼ਲੇ ਨੂੰ ਯਕੀਨੀ ਕੀਤਾ ਜਾਵੇ। ਕਿਸੇ ਵੀ ਵਿਦਿਆਰਥੀ ਦਾ ਦਾਖ਼ਲਾ ਵਾਪਸ ਨਾ ਕੀਤਾ ਜਾਵੇ।

ਸਕੂਲ ’ਚ ਹਰ ਹਫ਼ਤੇ ਦੌਰਾਨ ਕਿੰਨੇ ਵਿਦਿਆਰਥੀਆਂ ਨੇ ਦਾਖ਼ਲਾ ਲਿਆ ਤੇ ਇਨਰੋਲਮੈਂਟ ’ਚ ਕਿੰਨਾ ਵਾਧਾ ਹੋਇਆ, ਇਸ ਦੀ ਰਿਪੋਰਟ ਜ਼ਿਲਾ ਦਫ਼ਤਰ ਨੂੰ ਭੇਜਣੀ ਯਕੀਨੀ ਕੀਤੀ ਜਾਵੇ ਪਰ ਦੂਜੇ ਪਾਸੇ ਅਧਿਆਪਕਾਂ ਵਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਕਿਹਾ ਕਿ ਜ਼ਿਲਾ ਸਿੱਖਿਆ ਅਧਿਕਾਰੀ ਵਲੋਂ ਰੋਜ਼ਾਨਾ ਇਸ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ, ਜੋ ਸਥਿਤੀ ਨਾਲ ਮੇਲ ਨਹੀਂ ਖਾਂਦੇ ਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਆੜ ’ਚ ਸਕੂਲ ਪ੍ਰਮੁੱਖਾਂ ਵਲੋਂ ਅਧਿਆਪਕਾਂ ਨੂੰ ਇਸ ਤਰਾਂ ਡਿਊਟੀਆਂ ਸੌਂਪੀਆਂ ਜਾਂਦੀਆਂ ਹਨ, ਜਿਸ ਦਾ ਸਕੂਲ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੁੰਦਾ, ਉਲਟਾ ਉਹ ਅਧਿਆਪਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ।

ਇਹ ਖ਼ਬਰ ਵੀ ਪੜ੍ਹੋ : ਦਰਿਆ ’ਚ ਨਹਾਉਂਦੇ ਡੁੱਬਣ ਕਾਰਨ 13 ਸਾਲਾ ਨੌਜਵਾਨ ਦੀ ਮੌਤ

ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ’ਚ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਸਰਕਾਰ ਦੇ ਨਾਲ-ਨਾਲ ਨਿੱਜੀ ਸਕੂਲ ਵੀ ਬੰਦ ਹਨ। ਭਿਆਨਕ ਗਰਮੀ ਦੇ ਕਾਰਨ ਸਕੂਲਾਂ ’ਚ ਬੱਚਿਆਂ ਨਾਲ ਸਬੰਧਤ ਹਰ ਪ੍ਰਕਾਰ ਦੀ ਗਤੀਵਿਧੀ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੌਰਾਨ ਮਾਪਿਆਂ ਤੇ ਬੱਚਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਦਾਖ਼ਲੇ ਦਾ ਕੰਮ ਹੁਣ ਛੁੱਟੀਆਂ ਤੋਂ ਬਾਅਦ ਹੀ ਹੋਵੇਗਾ ਤੇ ਕਲਾਸਾਂ ਵੀ ਛੁੱਟੀਆਂ ਤੋਂ ਬਾਅਦ ਹੀ ਸ਼ੁਰੂ ਹੋਣਗੀਆਂ। ਇਸ ਦੌਰਾਨ ਡੀ. ਈ. ਓ. ਵਲੋਂ ਜਾਰੀ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਸਿਰਫ਼ ਤੇ ਸਿਰਫ਼ ਅਧਿਆਪਕਾਂ ਦੀ ਪ੍ਰੇਸ਼ਾਨੀ ਵਧਾ ਰਹੇ ਹਨ।

ਜ਼ਿਆਦਾਤਰ ਸਟਾਫ਼ ਇਲੈਕਸ਼ਨ ਡਿਊਟੀ ’ਤੇ
ਅਧਿਆਪਕਾਂ ਨੇ ਕਿਹਾ ਕਿ ਸੂਬੇ ਭਰ ’ਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਾਰੇ ਸਕੂਲਾਂ ਦੇ ਜ਼ਿਆਦਾਤਰ ਸਟਾਫ਼ ਦੀ ਡਿਊਟੀ ਲੱਗੀ ਹੈ। ਇਨ੍ਹਾਂ ’ਚੋਂ ਤਾਂ ਕੁਝ ਇਸ ਤਰ੍ਹਾਂ ਦੇ ਅਧਿਆਪਕ ਹਨ, ਜੋ ਪਿਛਲੇ 1 ਤੋਂ 3 ਮਹੀਨਿਆ ਤੋਂ ਇਸ ਡਿਊਟੀ ’ਤੇ ਤਾਇਨਾਤ ਹਨ ਤੇ ਇਹ ਤਾਇਨਾਤੀ ਖ਼ੁਦ ਜ਼ਿਲਾ ਸਿੱਖਿਆ ਅਧਿਕਾਰੀ (ਸ) ਦੇ ਆਦੇਸ਼ਾਂ ਤੋਂ ਬਾਅਦ ਹੋਈ ਹੈ ਤੇ ਇਹ ਸਭ ਜਾਣਦਿਆਂ ਵੀ ਡੀ. ਈ. ਓ. ਵਲੋਂ ਛੁੱਟੀਆਂ ਦੌਰਾਨ ਅਧਿਆਪਕਾਂ ਨੂੰ ਦਾਖ਼ਲੇ ਲਈ ਪ੍ਰੇਸ਼ਾਨ ਕਰਨਾ ਗਲਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News