ਬੀ. ਡੀ. ਪੀ. ਓ. ਦਫ਼ਤਰਾਂ ਦੇ ਫੀਲਡ ਸਟਾਫ ਵੱਲੋਂ ਵਾਧੂ ਕੰਮਾਂ ਦਾ ਬਾਈਕਾਟ

Friday, Feb 09, 2018 - 05:36 AM (IST)

ਬੀ. ਡੀ. ਪੀ. ਓ. ਦਫ਼ਤਰਾਂ ਦੇ ਫੀਲਡ ਸਟਾਫ ਵੱਲੋਂ ਵਾਧੂ ਕੰਮਾਂ ਦਾ ਬਾਈਕਾਟ

ਸੰਗਰੂਰ, (ਬੇਦੀ)— ਜ਼ਿਲੇ ਦੇ ਸਾਰੇ ਬੀ. ਡੀ. ਪੀ. ਓ. ਦਫ਼ਤਰਾਂ ਵਿਖੇ ਫੀਲਡ ਸਟਾਫ਼ ਪੰਚਾਇਤ ਸਕੱਤਰਾਂ ਅਤੇ ਗ੍ਰਾਮ ਸੇਵਕਾਂ ਨੇ ਵਾਧੂ ਕੰਮ ਦਾ ਬਾਈਕਾਟ ਕਰ ਕੇ ਧਰਨੇ ਦੇ ਕੇ ਬੀ. ਡੀ. ਪੀ. ਓਜ਼ ਰਾਹੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜੇ। 
ਇਸ ਮੌਕੇ ਜਥੇਬੰਦੀ ਦੇ ਅਮਰੀਕ ਸਿੰਘ ਨਾਰੀਕੇ, ਜ਼ਿਲਾ ਪ੍ਰਧਾਨ ਸੰਗਰੂਰ ਅਤੇ ਵਰਿੰਦਰ ਕੁਮਾਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਐੱਮ. ਜੀ. ਐੱਸ. ਵੀ. ਵਾਈ. ਸਕੀਮ ਅਤੇ ਬੀ. ਐੱਲ. ਓ. ਸਰਵੇ ਰਜਿਸਟਰ ਅਪਲੋਡ ਕਰਨ ਵਰਗੇ ਦਿੱਤੇ ਗਏ ਕੰਮਾਂ ਕਾਰਨ ਪੰਚਾਇਤੀ ਚੋਣਾਂ ਨਾਲ ਸਬੰਧਤ ਕੰਮ ਮੁਕੰਮਲ ਨਹੀਂ ਹੋ ਪਾ ਰਹੇ, ਜਿਸ ਕਾਰਨ ਸਮੂਹ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਯੂਨੀਅਨ ਵੱਲੋਂ ਵਿਭਾਗੀ ਕੰਮਾਂ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਵਾਧੂ ਦਿੱਤੇ ਗਏ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈ। 
ਡੀ. ਸੀ. ਨੂੰ ਦਿੱਤਾ ਜਾਵੇਗਾ ਮੰਗ ਪੱਤਰ
ਆਗੂਆਂ ਨੇ ਦੱਸਿਆ ਕਿ 12 ਫਰਵਰੀ ਨੂੰ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਪੰਚਾਇਤੀ ਚੋਣਾਂ ਦਾ ਕੰਮ, ਜੋ ਹੋਰ ਵਾਧੂ ਕੰਮ ਦਿੱਤੇ ਕੰਮਾਂ ਕਾਰਨ ਪਿਛੜ ਚੁੱਕਾ ਹੈ, ਨੂੰ ਸਮੇਂ ਸਿਰ ਪੂਰਾ ਕਰਨ ਲਈ ਹੋਰ ਵਿਭਾਗਾਂ ਤੋਂ ਸਹਾਇਕ ਸਟਾਫ਼ ਦੀ ਮੰਗ ਵੀ ਕੀਤੀ ਜਾਵੇਗੀ। ਇਸ ਮੌਕੇ ਲਖਵੀਰ ਸਿੰਘ, ਕੁਲਦੀਪ ਸਿੰਘ, ਹਰਵਿੰਦਰ ਸਿੰਘ, ਰਾਜਿੰਦਰ ਸਿੰਘ, ਧਰਮ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। 
ਭਵਾਨੀਗੜ੍ਹ, (ਵਿਕਾਸ, ਅੱਤਰੀ)- ਇਥੇ ਵੀ ਬੀ. ਡੀ. ਪੀ. ਓ. ਦਫ਼ਤਰ ਦੇ ਫੀਲਡ ਕਰਮਚਾਰੀਆਂ ਨੇ ਬੀ. ਡੀ. ਪੀ. ਓ. ਦਫ਼ਤਰ ਵਿਖੇ ਰੋਸ ਧਰਨਾ ਦੇ ਕੇ ਕੰਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। 
ਇਸ ਮੌਕੇ ਕਰਮਚਾਰੀਆਂ ਨੇ ਡੀ. ਸੀ. ਸੰਗਰੂਰ ਦੇ ਨਾਂ ਇਕ ਮੰਗ ਪੱਤਰ ਬੀ. ਡੀ. ਪੀ. ਓ. ਭਵਾਨੀਗੜ੍ਹ ਨੂੰ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਧਰਮ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਦਫ਼ਤਰ ਦੇ ਕਰਮਚਾਰੀਆਂ 'ਤੇ ਵਾਧੂ ਕੰਮ ਦਾ ਭਾਰ ਪਾਇਆ ਗਿਆ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਕਰਮਚਾਰੀਆਂ ਨੇ ਦਫ਼ਤਰ ਵਿਖੇ ਧਰਨਾ ਦੇ ਕੇ ਨਾਅਰੇਬਾਜ਼ੀ ਵੀ ਕੀਤੀ। ਧਰਨੇ ਦੌਰਾਨ ਜਤਿੰਦਰ ਸਿੰਘ, ਨਰੇਸ਼ ਕੁਮਾਰ, ਹਰਭਜਨ ਸਿੰਘ ਘਰਾਚੋਂ, ਬਲਵੀਰ ਸਿੰਘ, ਦੀਪਕ ਕੁਮਾਰ, ਦੌਲਤ ਰਾਮ, ਕੁਲਵਿੰਦਰ ਸਿੰਘ, ਗੁਰਦੇਵ ਸਿੰਘ, ਏਕਮ ਸਿੰਘ, ਸੁਖਜੀਤ ਸਿੰਘ ਆਦਿ ਕਰਮਚਾਰੀ ਹਾਜ਼ਰ ਸਨ। 
ਮਾਲੇਰਕੋਟਲਾ, (ਯਾਸੀਨ)—ਬੀ. ਡੀ. ਪੀ. ਓ. ਦਫਤਰ ਅਤੇ ਫੀਲਡ ਕਰਮਚਾਰੀਆਂ ਨੇ ਇਥੇ ਵੀ ਧਰਨਾ ਦੇ ਕੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਨਾਂ ਇਕ ਮੰਗ ਪੱਤਰ ਬੀ. ਡੀ. ਪੀ. ਓ. ਨੂੰ ਦਿੱਤਾ । ਇਸ ਮੌਕੇ ਰਾਜਿੰਦਰ ਸਿੰਘ, ਬਸ਼ੀਰ ਮੁਹੰਮਦ, ਨਿਰਭੈਅ ਸਿੰਘ, ਨਿਰਮਲ ਸਿੰਘ ਆਦਿ ਨੇ ਦੱਸਿਆ ਕਿ  ਬੀ. ਐੱਲ. ਓ. ਸਰਵੇ ਰਜਿਸਟਰ ਦੀ ਸਰਸਰੀ ਸੁਧਾਈ ਅਪਲੋਡ ਕਰਨ ਦਾ ਕੰਮ, ਐੱਮ. ਐੱਸ. ਜੀ. ਵਾਈ. ਦੇ ਰਹਿੰਦੇ ਪਿੰਡਾਂ ਦਾ ਫਾਰਮ ਭਰਨ ਦਾ ਕੰਮ ਅਤੇ ਵੱਖ-ਵੱਖ ਬਲਾਕਾਂ ਵਿਖੇ ਪ੍ਰਸ਼ਾਸਨ ਵੱਲੋਂ ਦਿੱਤੇ ਕਿਸੇ ਵੀ ਵਿਭਾਗੀ ਕੰਮ ਤੋਂ ਇਲਾਵਾ ਬਾਕੀ ਸਾਰੇ ਕੰਮਾਂ ਦਾ ਬਾਈਕਾਟ ਕੀਤਾ ਜਾਂਦਾ ਹੈ।


Related News