ਬੀ. ਡੀ. ਪੀ. ਓਜ਼ ਨੇ ਅਣਮਿੱਥੇ ਸਮੇਂ ਲਈ ਕੰਮ ਕਾਜ ਬੰਦ ਕਰ ਕੇ ਕੀਤੀ ਹੜਤਾਲ
Friday, Jul 09, 2021 - 12:33 AM (IST)
ਮਾਨਸਾ(ਮਿੱਤਲ)- ਪੇਂਡੂ ਵਿਕਾਸ ਬਲਾਕ ਪੰਚਾਇਤ ਅਫਸਰ ਵੱਲੋਂ ਅੱਜ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰਨ ਤਹਿਤ ਅੱਜ ਬੀ. ਡੀ. ਪੀ. ਓ. ਦਫਤਰ ਮਾਨਸਾ ਵਿਖੇ ਜ਼ਿਲ੍ਹੇ ਦੇ ਸਮੁੱਚੇ ਬੀ. ਡੀ. ਪੀ. ਓਜ਼ ਵੱਲੋਂ ਮੁਕੰਮਲ ਵਿਕਾਸ ਕੰਮ ਠੱਪ ਕਰ ਦਿੱਤੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ. ਡੀ. ਪੀ. ਓ. ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਰਫ ਕੋਵਿਡ-19 ਦੀ ਡਿਊਟੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ ਜਾਵੇਗੀ ਅਤੇ ਬਲਾਕ ਵਿਕਾਸ ਪੰਚਾਇਤ ਐਸੋਸੀਏਸ਼ਨ ਪੰਜਾਬ ਸਟੇਟ ਬਾਡੀ ਦੀ ਕਾਲ ’ਤੇ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਬੀ.ਡੀ.ਪੀ.ਓਜ਼ ਦੇ ਹੱਕ ਵਿਚ ਨਹੀਂ ਹਨ, ਜੋ ਕਿ ਸਰਕਾਰ ਵੱਲੋਂ 2011 ਵਿਚ ਤਨਖਾਹਾਂ ਵਿਚ ਸੋਧ ਕਰ ਕੇ ਅਨੋਮਲੀ ਵਿਚ ਸੋਧ ਕੀਤੀ ਗਈ ਸੀ, ਉਸ ਨੂੰ ਦੁਬਾਰਾ ਪਹਿਲਾਂ ਦੀ ਤਰ੍ਹਾਂ ਕਰਦੇ ਹੋਏ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਦੀਆਂ ਤਨਖਾਹਾਂ ਘਟਾ ਦਿੱਤੀਆਂ ਗਈਆਂ ਹਨ ।
ਪੜ੍ਹੋ ਇਹ ਵੀ ਖ਼ਬਰ - 'ਪੰਜਾਬ ਅੰਦਰ ਬਣਾਏ ਜਾ ਸਕਦੇ ਹਨ ਇੱਕ ਤੋਂ ਜ਼ਿਆਦਾ ਉਪ ਮੁੱਖ ਮੰਤਰੀ, ਸਿੱਧੂ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ'
ਇਸ ਕਰ ਕੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਤਨਖਾਹਾਂ ਦਾ ਨੁਕਸਾਨ ਹੋ ਰਿਹਾ ਹੈ | ਇਸ ਤੋਂ ਇਲਾਵਾ ਜੋ 1996 ਤੋਂ ਪਹਿਲਾਂ ਦਾ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਦਾ ਤਨਖਾਹ ਸਕੇਲ 1996 ਵਿਚ ਘੱਟ ਕਰ ਦਿੱਤਾ ਗਿਆ ਸੀ | ਉਹ ਤਨਖਾਹ ਸਕੇਲ ਦੁਬਾਰਾ ਦੇਣ ਦੀ ਸਮੂਹ ਹਾਊਸ ਵੱਲੋਂ ਮੰਗ ਕੀਤੀ ਗਈ ਹੈ । ਇਹ ਮਤਾ ਵਿਚਾਰਨ ਉਪਰੰਤ ਸਮੂਹ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਸ ਕਰਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਦੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ 8 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ ਹਨ | ਸਿਰਫ ਕੋਵਿਡ-19 ਡਿਊਟੀਆਂ ਨੂੰ ਛੱਡ ਕੇ ਮੁਕੰਮਲ ਤੌਰ ’ਤੇ ਵਿਕਾਸ ਦੇ ਕੰਮ ਅਤੇ ਕੋਈ ਵੀ ਪੇਮੈਂਟ ਨਹੀਂ ਕੀਤੀ ਜਾਵੇਗੀ ।
ਇਸ ਮੌਕੇ ਬੀ. ਡੀ. ਪੀ. ਓ. ਅਸ਼ੋਕ ਕੁਮਾਰ ਬੁਢਲਾਡਾ, ਬੀ. ਡੀ. ਪੀ. ਓ. ਮੇਜਰ ਸਿੰਘ ਸਰਦੂਲਗੜ੍ਹ, ਬੀ. ਡੀ. ਪੀ. ਓ. ਝੁਨੀਰ ਸੁਖਦੀਪ ਸਿੰਘ ਤੋਂ ਇਲਾਵਾ ਪਹਿਲਾਂ ਤੋਂ ਹੜਤਾਲ ’ਤੇ ਬੈਠੇ ਪੰਚਾਇਤੀ ਵਿਭਾਗ ਦੇ ਕਰਮਚਾਰੀਆਂ ਨੇ ਬੀ. ਡੀ. ਪੀ. ਓਜ਼ ਦੀ ਹੜਤਾਲ ਵਿਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।