ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਕਰੇਗੀ ਸੜਕਾਂ ''ਤੇ ਰੋਸ ਪ੍ਰਦਰਸ਼ਨ : ਬਘਿਆੜੀ
Sunday, Jan 28, 2018 - 11:41 AM (IST)

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪੰਜਾਬ ਦੀ ਕਿਸਾਨੀ ਘਾਟੇ 'ਚ ਚੱਲਣ ਨਾਲ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ। ਉਧਰ ਆਰਥਿਕ ਤੰਗੀਆਂ ਤੋਂ ਪ੍ਰੇਸ਼ਾਨ ਹੋ ਕੇ ਸੂਬੇ ਦੇ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ। ਇਹ ਪ੍ਰਗਟਾਵਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਕੈਪਟਨ ਸਿੰਘ ਬਘਿਆੜੀ ਨੇ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦਾ ਲੋਕ ਵਿਰੋਧੀ ਚੇਹਰਾ ਬਿਲਕੁਲ ਨੰਗਾ ਹੋ ਚੁੱਕਾ ਹੈ ਕਿਉਂਕਿ ਸੱਤਾ ਪ੍ਰਾਪਤ ਕਰਨ ਲਈ ਕਾਂਗਰਸ ਨੇ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰਨ ਦੀ ਗੱਲ ਤਾਂ ਦੂਰ ਸਗੋ ਲੋਕ ਭਲਾਈ ਸਕੀਮਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਕੈਪਟਨ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਬੰਬੀਆਂ 'ਤੇ ਮੀਟਰ ਲਾਉਣ ਤੋਂ ਰੋਕਣ ਲਈ ਜਮਹੂਰੀ ਢੰਗ ਨਾਲ ਸੰਘਰਸ਼ ਵਿੱਢਿਆ ਜਾਵੇਗਾ। ਇਸ ਦੇ ਲਈ ਜੇਕਰ ਕਿਸੇ ਪ੍ਰਕਾਰ ਦੀ ਕੁਰਬਾਨੀ ਦੇਣੀ ਪਵੇਗੀ ਤਾਂ ਜਥੇਬੰਦੀ ਪਿੱਛੇ ਨਹੀਂ ਹੱਟੇਗੀ। ਕੈਪਟਨ ਸਿੰਘ ਬਘਿਆੜੀ, ਭਗਵੰਤ ਸਿੰਘ ਗੰਡੀਵਿੰਡ, ਬਲਜੀਤ ਸਿੰਘ ਸਰਾਂ, ਅਵਤਾਰ ਸਿੰਘ ਚਾਹਲ ਅਤੇ ਨਰਿੰਜਣ ਸਿੰਘ ਚਾਹਲ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨੀ ਕਰਜ਼ਿਆਂ ਨੂੰ ਮੁਆਫ਼ ਕਰਨਾ ਮਹਿਜ ਡਰਾਮੇਬਾਜ਼ੀ ਹੈ, ਕਿਉਂਕਿ ਸਰਤਾਂ ਅਤੇ ਨਿਯਮ ਲਾਗੂ ਕਰਕੇ ਸਰਕਾਰ ਆਪਣੇ ਵਾਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਬੰਬੀਆਂ 'ਤੇ ਮੀਟਰ ਲਾਉਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਕਿਸਾਨਾਂ ਲਾਮਬੱਧ ਕਰਦਿਆਂ ਪੰਜਾਬ ਦੀਆਂ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਅਤੇ ਧਰਨੇ ਲਾਉਣ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਭਗਵੰਤ ਸਿੰਘ ਗੰਡੀਵਿੰਡ, ਅਵਤਾਰ ਸਿੰਘ ਚਾਹਲ, ਸੂਬਾ ਸਿੰਘ ਮਾਣਕਪੁਰਾ, ਬਲਜੀਤ ਸਿੰਘ ਸਰਾਂ, ਨਰਿੰਜਣ ਸਿੰਘ ਚਾਹਲ ਆਦਿ ਕਿਸਾਨ ਆਗੂ ਹਾਜ਼ਰ ਸਨ।