ਸੁਖਬੀਰ ਦਾ ਦੂਤ ਲੁਧਿਆਣੇ ਸਰਗਰਮ!

10/02/2018 5:19:39 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਮੁਆਫੀ ਬਾਰੇ ਸੱਚ ਬੋਲ ਕੇ ਬਾਦਲਕਿਆਂ ਖਿਲਾਫ ਜੋ ਉਂਗਲ ਉਠਾਈ, ਉਸ ਨੂੰ ਹੇਠਾਂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਦਲ ਦਾ ਇਕ ਦੂਤ ਲੁਧਿਆਣਾ 'ਚ ਸਰਗਰਮ ਦੱਸਿਆ ਜਾ ਰਿਹਾ ਹੈ, ਜੋ ਨਾਰਾਜ਼ ਹੋਏ ਆਗੂਆਂ ਨਾਲ ਮੁੜ ਰਾਬਤਾ ਕਾਇਮ ਕਰਕੇ ਮਨਾਉਣ ਦੀ ਕਾਰਵਾਈ ਨੂੰ ਅੰਜਾਮ ਦੇਵੇਗਾ, ਜਿਸ 'ਚ ਜਥੇਦਾਰ ਮੱਕੜ ਵੀ ਸ਼ਾਮਲ ਦੱਸੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਜਥੇਦਾਰ ਮੱਕੜ ਨੇ ਦੁਨੀਆ-ਭਰ 'ਚ ਬੈਠੇ ਸਿੱਖਾਂ ਨੂੰ ਸੱਚ ਬੋਲਣ ਦੀ ਹਿੰਮਤ ਰੱਖਣ ਕਰਕੇ ਜਥੇਦਾਰ ਮੱਕੜ ਦੀ ਪਿੱਠ ਥਾਪੜੀ ਸੀ। ਕਈ ਦਿਨ ਮੀਡੀਆ 'ਚ ਮੱਕੜ-ਮੱਕੜ ਹੋਈ ਰਹੀ ਪਰ ਭਲਕੇ ਪਟਿਆਲਾ ਰੈਲੀ ਦੇ ਸਬੰਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲੁਧਿਆਣਾ ਆ ਰਹੇ ਹਨ ਅਤੇ ਮੀਟਿੰਗ ਵੀ ਉਸ ਸਥਾਨ 'ਤੇ ਰੱਖੀ ਹੈ ਜਿਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਮੱਕੜ ਹਨ। 

ਅਜਿਹਾ ਕਰਨ ਦਾ ਮਕਸਦ ਜਥੇਦਾਰ ਮੱਕੜ ਨੂੰ ਵੀ ਭਰੋਸੇ 'ਚ ਲੈਣਾ ਹੋਵੇਗਾ, ਦੂਜਾ ਮੀਟਿੰਗ ਵੀ ਹੋ ਜਾਵੇਗੀ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਜਥੇਦਾਰ ਮੱਕੜ ਧਾਰਮਕ ਆਗੂ ਹਨ, ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਵਾਸਤਾ ਜਾਂ ਲਗਾਓ ਨਹੀਂ ਦੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਜਥੇਦਾਰ ਮੱਕੜ ਆਪਣੇ ਨੌਜਵਾਨ ਬੇਟੇ ਰਾਜੂ ਮੱਕੜ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਕੌਂਸਲਰ ਸਨ, ਦੀ ਦੋ ਸਾਲ ਪਹਿਲਾਂ ਹੋਈ ਮੌਤ ਤੋਂ ਬਾਅਦ ਆਪਣੇ ਰਾਜਸੀ ਆਗੂਆਂ 'ਤੇ ਇਸ ਗੱਲ ਤੋਂ ਖਫਾ ਦੱਸੇ ਜਾ ਰਹੇ ਹਨ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਦੇ ਬੇਟੇ ਦੀ ਮੌਤ 'ਤੇ ਆਉਣਾ ਤਾਂ ਇਕ ਪਾਸੇ ਦੁੱਖ ਦਾ ਪ੍ਰਗਟਾਵਾ ਵੀ ਨਹੀਂ ਕੀਤਾ। 


Related News