''ਲੂ'' ਤੇ ਗਰਮੀ ਤੋਂ ਬਚਣ ਲਈ ਚਟਪਟੇ ਮਸਾਲੇਦਾਰ ਖਾਣੇ ਤੋਂ ਕਰੋ ਪਰਹੇਜ਼
Thursday, Jun 12, 2025 - 10:55 AM (IST)
 
            
            ਭਗਤਾ ਭਾਈ (ਢਿੱਲੋਂ) : ਮਾਲਵਾ ਖੇਤਰ ’ਚ ਗਰਮੀ ਦਾ ਕਹਿਰ ਦਿਨੋਂ-ਦਿਨ ਵੱਧ ਰਿਹਾ ਹੈ। ਇਹ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਸਥਾਨਕ ਸਰਕਾਰੀ ਹਸਪਤਾਲ ਵਿਖੇ ਐੱਸ. ਐੱਮ. ਓ. ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਸੀਮਾ ਗੁਪਤਾ ਨੇ ਗਰਮੀ ਅਤੇ ਅੱਗ ਵਰਗੀ ਚਲਦੀ 'ਲੂ' ਤੋਂ ਬਚਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਹਦਾਇਤ ਕੀਤੀ ਕਿ ਮਸਾਲੇਦਾਰ ਖਾਣੇ ਅਤੇ ਚਟਪਟੇ ਖਾਣੇ ਵੀ ਸਾਡੀ ਸਿਹਤ ਲਈ ਨੁਕਸਾਨ ਦੇ ਹੋ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਖਾਣ ਤੋਂ ਪਰਹੇਜ਼ ਕਰੋ।
ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸੀਮਾ ਗੁਪਤਾ ਨੇ ਗਰਭਵਤੀ ਔਰਤਾਂ ਬਜ਼ੁਰਗਾਂ ਅਤੇ ਬੱਚਿਆਂ ਨੂੰ 'ਲੂ' ਤੋਂ ਬਚਾ ਕੇ ਰੱਖਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਗਰਮੀ 'ਚ ਹੋਰ ਵਾਧਾ ਹੋ ਸਕਦਾ ਹੈ। ਇਸ ਲਈ ਲੋਕ 11 ਵਜੇ ਤੋਂ 6 ਵਜੇ ਤੱਕ ਘਰ 'ਚ ਹੀ ਰਹਿਣ। ਉਨ੍ਹਾਂ 'ਲੂ' ਲੱਗਣ ਦੇ ਲੱਛਣਾਂ ਦੀਆਂ ਨਿਸ਼ਾਨੀਆਂ ਸਬੰਧੀ ਦੱਸਦਿਆਂ ਕਿਹਾ ਕਿ ਸਰੀਰ ਗਰਮ ਹੋ ਜਾਣਾ, ਅੱਖਾਂ ਸਾਹਮਣੇ ਹਨ੍ਹੇਰਾ ਆ ਜਾਣਾ, ਚੱਕਰ ਖਾ ਕੇ ਡਿੱਗ ਪੈਣਾ, ਗੱਲ ਸਮਝਣ ਵਿਚ ਮੁਸ਼ਕਿਲ ਸਮੇਂ ਲੜਖੜਾਉਣਾ, ਗਰਮੀ ਕਾਰਨ ਹੀਟ ਸਟਰੋਕ ਆਦਿ ਹਨ। ਉਨ੍ਹਾਂ ਅਨੁਸਾਰ ਅਜਿਹਾ ਹੋਣ ਦੀ ਸੂਰਤ ਵਿਚ ਵਿਅਕਤੀ ਨੂੰ ਠੰਡੇ ਖੇਤਰ ਵਿਚ ਲੈ ਜਾਓ।
ਸਰੀਰ ਦੇ ਤਾਪਮਨ ਨੂੰ ਘੱਟ ਕਰਨ ਲਈ ਕੱਪੜੇ ਨੂੰ ਪਾਣੀ ਨਾਲ ਭਿਉਂ ਕੇ ਪੱਟੀਆਂ ਰੱਖੋ। ਉਨ੍ਹਾਂ ਕਿਹਾ ਕਿ ਪੀਣ ਲਈ ਪਾਣੀ ਸ਼ਕੰਜਵੀ ਦਿਓ, ਜੇਕਰ ਫਿਰ ਵੀ ਹਾਲਤ ਵਿਚ ਸੁਧਾਰ ਨਹੀਂ ਹੁੰਦਾ ਤਾਂ ਪੀੜਤ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ 'ਚ ਲੈ ਕੇ ਜਾਓ। ਬਲਾਕ ਐਕਸਟੈਂਸ਼ਨ ਐਜੂਕੇਟਰ ਮਾਲਵਿੰਦਰ ਸਿੰਘ ਤਿਉਣਾ ਨੇ ਸੁਝਾਅ ਦਿੱਤਾ ਕਿ 'ਲੂ' ਤੋਂ ਬਚਣ ਲਈ ਲੱਸੀ, ਠੰਡਾ ਪਾਣੀ, ਓ. ਆਰ. ਐੱਸ. ਦਾ ਘੋਲ ਅਤੇ ਪੀਣ ਦੀ ਵੱਧ ਤੋਂ ਵੱਧ ਵਰਤੋਂ ਕਰੋ। ਉਨ੍ਹਾਂ ਬਿਨਾਂ ਕੰਮ ਤੋਂ ਬਾਹਰ ਨਾ ਜਾਣ ਦਾ ਸੁਝਾਅ ਦਿੰਦੇ ਹੋਏ ਕਿਹਾ ਕਿ ਜ਼ਰੂਰੀ ਕੰਮ ਸਵੇਰੇ 11 ਵਜੇ ਤੋਂ ਪਹਿਲਾਂ ਪਹਿਲਾਂ ਹੀ ਨਿਬੇੜ ਲਵੋ। ਗਰਮੀ ਦੇ ਪ੍ਰਕੋਪ ਸਮੇਂ ਆਪਣੇ ਆਪ ਨੂੰ ਪੱਖੇ, ਕੂਲਰ ਤੇ ਏ. ਸੀ. ਵਾਲੀ ਥਾਂ ’ਤੇ ਰੱਖੋ।

 
                     
                             
                             
                             
                             
                             
                             
                             
                             
                             
                             
                             
                             
                             
                             
                            