ਜਲੰਧਰ : ਆਟੋ ਮਾਫੀਆ ਅੱਗੇ ਪੁਲਸ ਪ੍ਰਸ਼ਾਸਨ ਨੇ ਟੇਕੇ ਗੋਡੇ

Tuesday, Jan 30, 2018 - 06:39 AM (IST)

ਜਲੰਧਰ : ਆਟੋ ਮਾਫੀਆ ਅੱਗੇ ਪੁਲਸ ਪ੍ਰਸ਼ਾਸਨ ਨੇ ਟੇਕੇ ਗੋਡੇ

ਜਲੰਧਰ, (ਰਵਿੰਦਰ ਸ਼ਰਮਾ)- ਮਹਾਨਗਰ 'ਚ ਸਰਗਰਮ ਆਟੋ ਮਾਫੀਆ ਇੰਨਾ ਮਜ਼ਬੂਤ ਹੈ ਕਿ ਇਸ ਦੇ ਅੱਗੇ ਪੁਲਸ ਪ੍ਰਸ਼ਾਸਨ ਦੀ ਵੀ ਇਕ ਨਹੀਂ ਚਲ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਆਟੋ ਮਾਫੀਆ ਦੇ ਬਲ 'ਤੇ ਬੇਲਗਾਮ ਆਟੋ ਚਾਲਕ ਅਪਣਾ ਰਾਜ ਕਰ ਰਹੇ ਹਨ ਅਤੇ ਮਨਮਰਜ਼ੀ ਨਾਲ ਟ੍ਰੈਫਿਕ ਰੂਲ ਤੋੜ ਕੇ ਸ਼ਹਿਰ ਦੀਆਂ ਸੜਕਾਂ 'ਤੇ ਦੌੜਦੇ ਹਨ। ਇਸ ਇਕ ਗੱਲ ਨਾਲ ਹੀ ਆਟੋ ਮਾਫੀਆ ਦੇ ਹਾਵੀ ਹੋਣ ਦਾ ਸੰਕੇਤ ਮਿਲਦਾ ਹੈ ਕਿ ਸਿਰਫ ਇਕ ਧਰਨੇ ਤੋਂ ਬਾਅਦ ਹੀ ਪੁਲਸ ਪ੍ਰਸ਼ਾਸਨ ਨੇ ਦੋਬਾਰਾ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਕਾਨੂੰਨ ਤੋੜਨ ਦੀ ਇਜਾਜ਼ਤ ਦੇ ਦਿੱਤੀ ਹੈ। ਏ. ਡੀ. ਸੀ. ਪੀ. ਟ੍ਰੈਫਿਕ ਦਾ ਚਾਰਜ ਸੰਭਾਲਦੇ ਹੀ ਕੁਲਵੰਤ ਸਿੰਘ ਹੀਰ ਨੇ ਟ੍ਰੈਫਿਕ ਸੁਧਾਰਾਂ  ਪ੍ਰਤੀ ਆਪਣਾ ਖਾਸ ਧਿਆਨ ਦਿੰਦੇ ਹੋਏ ਸਖਤੀ ਵਿਖਾਉਣੀ ਸ਼ੁਰੂ ਕੀਤੀ ਸੀ।
ਇਸੇ ਦੇ ਤਹਿਤ ਹੀ ਸ਼ਰੇਆਮ ਟ੍ਰੈਫਿਕ ਨਿਯਮ ਤੋੜ ਕੇ ਸ਼ਹਿਰ ਦੀ ਜਨਤਾ ਦੇ ਲਈ ਲਗਾਤਾਰ ਖੌਫ ਬਣ ਰਹੇ ਆਟੋ ਚਾਲਕਾਂ 'ਤੇ ਵੀ ਪੁਲਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਸੀ। ਪੁਲਸ ਪ੍ਰਸ਼ਾਸਨ ਦਾ ਸਾਫ ਕਹਿਣਾ ਸੀ ਕਿ ਬਿਨਾਂ ਕਾਗਜ਼ਾਤ ਦੇ ਚੱਲ ਰਹੇ ਸਾਰੇ ਆਟੋਜ਼ ਨੂੰ ਬੰਦ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸੜਕਾਂ 'ਤੇ ਦੌੜਨ ਦੀ ਇਜਾਜ਼ਤ ਨਹੀਂ ਹੋਵੇਗੀ। ਉੱਥੇ ਪ੍ਰਦੂਸ਼ਣ ਫੈਲਾਉਣ ਵਾਲੇ ਆਟੋ ਚਾਲਕਾਂ ਨੂੰ ਵੀ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ। ਪੁਲਸ ਪ੍ਰਸ਼ਾਸਨ ਦੀ ਇਸ ਸਖਤੀ ਦੇ ਵਿਰੋਧ ਵਿਚ ਆਟੋ ਚਾਲਕਾਂ ਨੇ ਧਰਨਾ ਪ੍ਰਦਰਸ਼ਨ ਕਰਕੇ ਇਕ ਦਿਨ ਦੀ ਹੜਤਾਲ ਵੀ ਕੀਤੀ ਸੀ। ਇਕ ਦਿਨ ਦੀ ਹੜਤਾਲ ਦੇ ਅੱਗੇ ਹੀ ਪੁਲਸ ਪ੍ਰਸ਼ਾਸਨ ਨੇ ਗੋਡੇ ਟੇਕ ਦਿੱਤੇ। ਫਿਰ ਉਸੇ ਤਰ੍ਹਾਂ ਨਾਲ ਆਟੋ ਚਾਲਕਾਂ ਨੂੰ ਸੜਕਾਂ 'ਤੇ ਦੌੜਨ ਦੀ ਇਜਾਜ਼ਤ ਦੇ ਦਿੱਤੀ ਗਈ ਅਤੇ ਉਸੇ ਤਰ੍ਹਾਂ ਨਾਲ ਬੇਲਗਾਮ ਆਟੋ ਚਾਲਕ ਫਿਰ ਨਿਯਮਾਂ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਸੜਕਾਂ 'ਤੇ ਦਨਦਨਾ ਰਹੇ ਹਨ।
ਜ਼ਿਕਰਯੋਗ ਹੈ ਕਿ 'ਜਗ ਬਾਣੀ' ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਸ਼ਹਿਰ ਵਿਚ ਚਲ ਰਹੇ ਆਟੋ ਪੂਰੀ ਤਰ੍ਹਾਂ ਨਾਲ ਆਟੋ ਮਾਫੀਆ ਦੇ ਬਲ 'ਤੇ ਚੱਲ ਰਹੇ ਹਨ। ਹਰੇਕ ਆਟੋ ਚਾਲਕ ਤੋਂ ਨਾਜਾਇਜ਼ ਤੌਰ 'ਤੇ ਇਹ ਮਾਫੀਆ ਰੋਜ਼ਾਨਾ 10 ਰੁਪਏ ਵੀ ਵਸੂਲੀ ਕਰਦਾ ਹੈ। ਸ਼ਹਿਰ ਵਿਚ ਰਜਿਸਟਰਡ ਆਟੋਜ਼ ਦੀ ਗਿਣਤੀ 5 ਤੋਂ 6 ਹਜ਼ਾਰ ਤੱਕ ਹੈ ਪਰ 25 ਹਜ਼ਾਰ ਦੇ ਕਰੀਬ ਆਟੋ ਚਲਦੇ ਹਨ। ਮਤਲਬ ਰੋਜ਼ਾਨਾ 2.50 ਲੱਖ ਰੁਪਏ ਦੀ ਨਾਜਾਇਜ਼ ਵਸੂਲੀ ਮਾਫੀਆ ਇਨ੍ਹਾਂ ਆਟੋ ਚਾਲਕਾਂ 'ਤੋਂ ਕਰਦਾ ਹੈ ਅਤੇ ਮਹੀਨੇ ਦੀ ਨਾਜਾਇਜ਼ ਕਮਾਈ ਪੁਲਸ ਪ੍ਰਸ਼ਾਸਨ ਦੇ ਨੱਕ ਦੇ ਥੱਲੇ ਤਕਰੀਬਨ 75 ਲੱਖ ਰੁਪਏ ਦੀ ਹੋ ਰਹੀ ਹੈ। ਇਸ ਨਾਜਾਇਜ਼ ਕਮਾਈ ਦੇ ਬਦਲੇ ਵਿਚ ਆਟੋ ਮਾਫੀਆ ਉਨ੍ਹਾਂ ਆਟੋ ਚਾਲਕਾਂ ਨੂੰ ਪੂਰੀ ਸੁਰੱਖਿਆ ਦਿੰਦਾ ਹੈ। ਉਨ੍ਹਾਂ ਨੂੰ ਸ਼ਹਿਰ ਵਿਚ ਨਿਯਮ ਅਤੇ ਕਾਨੂੰਨ ਤੋੜਨ ਦੀ ਪੂਰੀ ਇਜਾਜ਼ਤ ਹੁੰਦੀ ਹੈ। ਇਹ ਮਾਫੀਆ ਆਟੋ ਚਾਲਕਾਂ ਨੂੰ ਉਨ੍ਹਾਂ ਦੇ ਚਾਲਾਨ ਹੋਣ ਤੋਂ ਬਚਾਉਂਦਾ ਹੈ ਅਤੇ ਪੁਲਸ ਦੀ ਹਰ ਕਾਰਵਾਈ ਤੋਂ ਦੂਰ ਰੱਖਿਆ ਜਾਂਦਾ ਹੈ। ਬਦਲੇ ਵਿਚ ਆਟੋ ਮਾਫੀਆ ਵਰਦੀ ਦੀ ਆੜ ਵਿਚ ਛੁਪੀਆਂ ਕੁਝ ਕਾਲੀਆਂ ਭੇਡਾਂ ਤੱਕ ਨਾਜਾਇਜ਼ ਕਮਾਈ ਦਾ ਕੁਝ ਹਿੱਸਾ ਪਹੁੰਚਾਉਂਦਾ ਹੈ। ਇਸ ਖੇਡ ਦੀ ਹੀ ਤਾਕਤ ਹੈ ਕਿ ਪੁਲਸ ਪ੍ਰਸ਼ਾਸਨ ਹਮੇਸ਼ਾ ਆਟੋ ਚਾਲਕਾਂ ਦੇ ਖਿਲਾਫ ਕਾਰਵਾਈ ਤੋਂ ਡਰਦਾ ਹੈ।
ਮੁਹਿੰਮ ਅਤੇ ਪੁਲਸ ਦੀ ਸਖਤੀ ਜਾਰੀ ਹੈ : ਏ. ਡੀ. ਸੀ ਪੀ. ਟ੍ਰੈਫਿਕ
ਏ. ਡੀ. ਸੀ. ਪੀ. ਟ੍ਰੈਫਿਕ ਕੁਲਵੰਤ ਹੀਰ ਦਾ ਕਹਿਣਾ ਹੈ ਕਿ ਪੁਲਸ ਦੀ ਨਾਜਾਇਜ਼ ਚੱਲਣ ਵਾਲੇ ਆਟੋ ਚਾਲਕਾਂ ਦੇ ਖਿਲਾਫ ਮੁਹਿੰਮ ਅਤੇ ਸਖਤੀ ਜਾਰੀ ਹੈ। ਅਜਿਹੇ ਆਟੋ ਚਾਲਕਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ। ਪੁਲਸ ਆਪਣੇ ਕੰਮ ਵਿਚ ਲੱਗੀ ਹੋਈ ਹੈ ਅਤੇ ਕਿਸੇ ਦੇ ਖਿਲਾਫ ਕੋਈ ਰਹਿਮ ਨਹੀਂ ਦਿਖਾਇਆ ਜਾ ਰਿਹਾ ਹੈ।


Related News