ਗੈਂਗਰੇਪ : ਤਿੰਨੇ ਮੁਲਜ਼ਮ ਦੋ ਦਿਨਾ ਪੁਲਸ ਰਿਮਾਂਡ ''ਤੇ

Thursday, Nov 30, 2017 - 07:29 AM (IST)

ਗੈਂਗਰੇਪ : ਤਿੰਨੇ ਮੁਲਜ਼ਮ ਦੋ ਦਿਨਾ ਪੁਲਸ ਰਿਮਾਂਡ ''ਤੇ

ਚੰਡੀਗੜ੍ਹ  (ਸੁਸ਼ੀਲ) - ਮੋਹਾਲੀ ਦੀ ਲੜਕੀ ਨਾਲ ਗੈਂਗਰੇਪ ਕਰਨ ਵਾਲੇ ਆਟੋ ਚਾਲਕ ਇਰਫਾਨ, ਉਸਦੇ ਸਾਥੀ ਕਿਸਮਤ ਅਲੀ ਉਰਫ ਪੋਪੂ ਤੇ ਮੁਹੰਮਦ ਗਰੀਬ ਨੂੰ ਪੁਲਸ ਨੇ ਬੁੱਧਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਸੈਕਟਰ-36 ਥਾਣਾ ਪੁਲਸ ਨੇ ਤਿੰਨਾਂ ਮੁਲਜ਼ਮਾਂ ਦਾ ਦੋ ਦਿਨਾ ਪੁਲਸ ਰਿਮਾਂਡ ਮੰਗਿਆ। ਪੁਲਸ ਨੇ ਰਿਮਾਂਡ ਲਈ ਜ਼ਿਲਾ ਅਦਾਲਤ 'ਚ ਦਲੀਲ ਦਿੱਤੀ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਘਟਨਾ ਵਾਲੀ ਥਾਂ ਦਾ ਸੀਨ ਰੀ-ਕ੍ਰਿਏਟ ਕਰਵਾਉਣਾ ਹੈ। ਤਿੰਨਾਂ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨੀ ਹੈ। ਮੁਲਜ਼ਮ ਇਕ-ਦੂਜੇ 'ਤੇ ਰੇਪ ਕਰਨ ਦੇ ਦੋਸ਼ ਲਗਾ ਰਹੇ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਦੇ ਸੈਂਪਲ ਲੈ ਕੇ ਜਾਂਚ ਕਰਵਾਉਣੀ ਹੈ। ਜ਼ਿਲਾ ਅਦਾਲਤ ਨੇ ਪੁਲਸ ਦੀ ਦਲੀਲ ਸੁਣਨ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਰਿਮਾਂਡ ਦੌਰਾਨ ਪੁੱਛਗਿੱਛ 'ਚ ਵੀ ਇਕ-ਦੂਜੇ 'ਤੇ ਲਾ ਰਹੇ ਸਨ ਰੇਪ ਦੇ ਦੋਸ਼
ਪੁਲਸ ਤਿੰਨਾਂ ਮੁਲਜ਼ਮਾਂ ਨੂੰ ਪੁਲਸ ਸਟੇਸ਼ਨ ਸੈਕਟਰ-36 ਲੈ ਕੇ ਗਈ। ਪੁਲਸ ਪੁੱਛਗਿੱਛ 'ਚ ਪੋਪੂ ਤੇ ਗਰੀਬ ਨੇ ਦੱਸਿਆ ਕਿ ਘਟਨਾ ਦੀ ਰਾਤ ਇਰਫਾਨ ਨੇ ਉਨ੍ਹਾਂ ਨੂੰ ਰਾਮਦਰਬਾਰ 'ਚ ਸ਼ਰਾਬ ਪਿਲਾ ਦਿੱਤੀ ਸੀ। ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਹੋਸ਼ ਨਹੀਂ ਸੀ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਇਰਫਾਨ ਨੇ ਹੀ ਰੇਪ ਕੀਤਾ ਹੈ, ਜਦੋਂਕਿ ਇਰਫਾਨ ਨੇ ਕਿਹਾ ਕਿ ਦੋਵਾਂ ਨੇ ਰੇਪ ਕੀਤਾ ਹੈ, ਉਸਨੇ ਤਾਂ ਸਿਰਫ ਲੜਕੀ ਨੂੰ ਫੜਿਆ ਸੀ। ਪੁਲਸ ਹੁਣ ਤਿੰਨਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰ ਰਹੀ ਹੈ। ਪੁਲਸ ਤਿੰਨਾਂ ਮੁਲਜ਼ਮਾਂ ਦੇ ਰਿਮਾਂਡ ਦੌਰਾਨ ਡੀ. ਐੱਨ. ਏ. ਸੈਂਪਲ ਲਏਗੀ, ਤਾਂ ਜੋ ਰੇਪ ਦੇ ਅਣਸੁਲਝੇ ਮਾਮਲਿਆਂ 'ਚ ਵੀ ਮੁਲਜ਼ਮਾਂ ਦਾ ਡੀ. ਐੱਨ. ਏ. ਪੀੜਤਾ ਦੇ ਨਾਲ ਮੈਚ ਕਰਵਾਇਆ ਜਾ ਸਕੇ।
ਦੂਜੇ ਮਾਮਲਿਆਂ ਸਬੰਧੀ ਵੀ ਹੋਵੇਗੀ ਪੁੱਛਗਿੱਛ
ਤਿੰਨਾਂ ਮੁਲਜ਼ਮਾਂ ਤੋਂ ਪੁਲਸ ਕਾਲ ਸੈਂਟਰ 'ਚ ਲੜਕੀ ਨਾਲ ਪਿਛਲੇ ਸਾਲ ਦਸੰਬਰ 'ਚ ਹੋਏ ਗੈਂਗਰੇਪ ਤੇ ਆਟੋ ਤੋਂ ਡਿਗ ਕੇ ਹੋਈ ਰਜਨੀ ਦੀ ਮੌਤ ਬਾਰੇ ਪੁੱਛਗਿੱਛ ਕਰੇਗੀ। ਸੈਕਟਰ-29 'ਚ ਲੜਕੀ ਨਾਲ ਗੈਂਗਰੇਪ ਦੇ ਮਾਮਲੇ 'ਚ ਪੁਲਸ ਤਿੰਨਾਂ ਮੁਲਜ਼ਮਾਂ ਦੇ ਦੰਦਾਂ ਦੇ ਸੈਂਪਲ ਵੀ ਲਏਗੀ।
ਮਾਮਲਾ
17 ਨਵੰਬਰ ਦੀ ਰਾਤ 8.30 ਵਜੇ 21 ਸਾਲਾ ਲੜਕੀ ਨੇ ਸੈਕਟਰ-36/37 ਲਾਈਟ ਪੁਆਇੰਟ 'ਤੇ ਆਟੋ ਹਾਇਰ ਕੀਤਾ ਸੀ। ਲੜਕੀ ਮੋਹਾਲੀ ਜਾ ਰਹੀ ਸੀ। ਆਟੋ 'ਚ ਪਹਿਲਾਂ ਤੋਂ ਹੀ ਦੋ ਵਿਅਕਤੀ ਬੈਠੇ ਸਨ। ਚਾਲਕ ਨੇ ਸੈਕਟਰ-42 ਦੇ ਪੈਟਰੋਲ ਪੰਪ ਤੋਂ ਆਟੋ 'ਚ ਤੇਲ ਪੁਆਇਆ ਸੀ। ਜਦੋਂ ਆਟੋ ਸੈਕਟਰ-53 ਦੇ ਜੰਗਲ ਨੇੜੇ ਪਹੁੰਚਿਆ ਤਾਂ ਆਟੋ ਚਾਲਕ ਤੇ ਉਸਦੇ ਦੋ ਸਾਥੀ ਲੜਕੀ ਨੂੰ ਚੁੱਕ ਕੇ ਜੰਗਲ 'ਚ ਲੈ ਗਏ ਤੇ ਉਸ ਨਾਲ ਗੈਂਗਰੇਪ ਕਰਕੇ ਫਰਾਰ ਹੋ ਗਏ। ਸੈਕਟਰ-36 ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਪੈਟਰੋਲ ਪੰਪ ਤੋਂ ਆਟੋ ਚਾਲਕ ਦੀ ਫੁਟੇਜ ਕੱਢ ਕੇ ਫੋਟੋ ਜਾਰੀ ਕੀਤੀ ਸੀ। ਸੈਕਟਰ-49 ਥਾਣਾ ਮੁਖੀ ਰਣਜੋਤ ਸਿੰਘ ਨੇ ਆਟੋ ਚਾਲਕ ਇਰਫਾਨ ਨੂੰ ਜ਼ੀਰਕਪੁਰ ਤੋਂ ਦਬੋਚ ਲਿਆ ਸੀ, ਜਦੋਂਕਿ ਪੁਲਸ ਟੀਮ ਫਰਾਰ ਪੋਪੂ ਤੇ ਗਰੀਬ ਨੂੰ ਯੂ. ਪੀ. ਤੋਂ ਫੜ ਕੇ ਲਿਆਈ ਸੀ। ਬੁੜੈਲ ਜੇਲ 'ਚ ਬੰਦ ਇਰਫਾਨ ਨੇ ਆਤਮ-ਹੱਤਿਆ ਕਰਨ ਦਾ ਯਤਨ ਕੀਤਾ ਸੀ।


Related News