ਗੈਂਗਰੇਪ ਕਰਨ ਵਾਲੇ ਮੁਲਜ਼ਮ ਕਰ ਰਹੇ ਸਨ ਯੂ. ਪੀ. ਦੀ ਭਾਸ਼ਾ ''ਚ ਗੱਲਬਾਤ

11/20/2017 7:41:37 AM

ਚੰਡੀਗੜ੍ਹ  (ਸੁਸ਼ੀਲ) - ਲੜਕੀ ਨਾਲ ਗੈਂਗਰੇਪ ਕਰਨ ਵਾਲੇ ਆਟੋ ਚਾਲਕ ਤੇ ਉਸਦੇ ਦੋ ਸਾਥੀਆਂ ਦੀ ਫੋਟੋ ਹੋਣ ਦੇ ਬਾਵਜੂਦ ਚੰਡੀਗੜ੍ਹ ਪੁਲਸ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕੀ। ਗੈਂਗਰੇਪ ਕਰਨ ਵਾਲੇ ਮੁਲਜ਼ਮ ਆਪਸ 'ਚ ਗੱਲਬਾਤ ਕਰਦੇ ਹੋਏ ਯੂ. ਪੀ. ਦੀ ਭਾਸ਼ਾ ਵਰਤ ਰਹੇ ਸਨ। ਪੁਲਸ ਨੂੰ ਸ਼ੱਕ ਹੈ ਕਿ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਯੂ. ਪੀ. ਦੇ ਰਹਿਣ ਵਾਲਿਆਂ ਨੇ ਦਿੱਤਾ ਹੈ। ਚੰਡੀਗੜ੍ਹ ਪੁਲਸ ਨੇ ਤਿੰਨਾਂ ਮੁਲਜ਼ਮਾਂ ਦੀ ਫੋਟੋ ਯੂ. ਪੀ. ਪੁਲਸ ਸਮੇਤ ਹੋਰ ਸੂਬਿਆਂ ਦੀ ਪੁਲਸ ਨੂੰ ਭੇਜ ਦਿੱਤੀ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਦੀ ਫੋਟੋ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਦੇ ਬੱਸ ਅੱਡੇ ਤੇ ਰੇਲਵੇ ਸਟੇਸ਼ਨ 'ਤੇ ਲਾ ਦਿੱਤੀ ਹੈ, ਤਾਂ ਕਿ ਮੁਲਜ਼ਮਾਂ ਦਾ ਕੋਈ ਸੁਰਾਗ ਮਿਲ ਸਕੇ।
ਪੁਲਸ ਨੇ ਸੜਕ ਕੰਢੇ ਵਾਲੇ ਮਕਾਨਾਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ  ਕੀਤੀ ਚੈੱਕ
ਤਿੰਨ ਦਿਨਾਂ ਤੋਂ ਚੰਡੀਗੜ੍ਹ ਪੁਲਸ ਸਿਰਫ ਸੜਕਾਂ 'ਤੇ ਦੌੜਨ ਵਾਲੇ ਆਟੋ ਚਾਲਕਾਂ ਤੋਂ ਪੁੱਛਗਿੱਛ ਕਰਕੇ ਉਨ੍ਹਾਂ ਦੇ ਨਾਂ ਤੇ ਪਤੇ ਹੀ ਦਰਜ ਕਰਨ 'ਚ ਲੱਗੀ ਹੋਈ ਹੈ। ਐਤਵਾਰ ਨੂੰ ਚੰਡੀਗੜ੍ਹ ਪੁਲਸ ਦੀਆਂ ਟੀਮਾਂ ਨੇ ਚੰਡੀਗੜ੍ਹ, ਮੋਹਾਲੀ ਤੇ ਅੰਬਾਲਾ ਤਕ ਚੱਲਣ ਵਾਲੇ ਆਟੋਆਂ ਦੇ ਚਾਲਕਾਂ ਤਕ ਪਹੁੰਚ ਬਣਾਈ। ਪੁਲਸ ਨੇ 300 ਆਟੋ ਚਾਲਕਾਂ ਤੋਂ ਪੁੱਛਗਿੱਛ ਕੀਤੀ ਪਰ ਕੋਈ ਅਹਿਮ ਸੁਰਾਗ ਨਹੀਂ ਮਿਲਿਆ।
ਉਥੇ ਹੀ ਪੁਲਸ ਐਤਵਾਰ ਨੂੰ ਫਿਰ ਘਟਨਾ ਵਾਲੀ ਥਾਂ 'ਤੇ ਪਹੁੰਚੀ। ਪੁਲਸ ਟੀਮ ਨੇ ਆਪਣੇ ਨਾਲ ਦੋ ਲੜਕੇ ਗੱਡੀ 'ਚ ਬਿਠਾਏ ਹੋਏ ਸਨ। ਉਨ੍ਹਾਂ ਲੜਕਿਆਂ ਨੂੰ ਘਟਨਾ ਵਾਲੀ ਥਾਂ ਦਿਖਾਈ। ਇਸ ਤੋਂ ਇਲਾਵਾ ਪੁਲਸ ਦੇ ਉੱਚ ਅਧਿਕਾਰੀਆਂ ਨੇ ਸੈਕਟਰ-37 ਤੋਂ ਲੈ ਕੇ ਸੈਕਟਰ-53 ਦੇ ਜੰਗਲ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਦਾ ਜਾਇਜ਼ਾ ਲਿਆ। ਪੁਲਸ ਨੇ ਸੜਕ ਦੇ ਕੰਢੇ ਮਕਾਨਾਂ ਤੇ ਲਾਈਟ ਪੁਆਇੰਟ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ, ਜਿਨ੍ਹਾਂ 'ਚ ਮੁਲਜ਼ਮ ਸਾਫ ਦਿਖਾਈ ਦੇ ਰਹੇ ਹਨ। ਪੁਲਸ ਮੁਲਜ਼ਮਾਂ ਦੀ ਫੁਟੇਜ ਵੀ ਚੈੱਕ ਕਰ ਰਹੀ ਹੈ, ਤਾਂ ਕਿ ਪਤਾ ਲਗ ਸਕੇ ਕਿ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਏ ਜਾਂ ਨਹੀਂ।
ਬੈਰੀਅਰ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਸਿਰਫ ਨਾਂ ਦੇ ਹੀ
ਚੰਡੀਗੜ੍ਹ ਤੇ ਮੋਹਾਲੀ ਦੇ ਬੈਰੀਅਰ 'ਤੇ ਚੰਡੀਗੜ੍ਹ ਪੁਲਸ ਵਲੋਂ ਲਾਏ ਗਏ ਸੀ. ਸੀ. ਟੀ. ਵੀ. ਕੈਮਰੇ ਨਾਮਾਤਰ ਹਨ। ਕੈਮਰੇ ਠੀਕ ਨਾ ਹੋਣ ਦਾ ਫਾਇਦਾ ਲੜਕੀ ਨਾਲ ਗੈਂਗਰੇਪ ਦੇ ਮੁਲਜ਼ਮਾਂ ਨੂੰ ਵੀ ਮਿਲਿਆ ਹੈ। ਮੁਲਜ਼ਮਾਂ ਦੀ ਆਟੋ ਬੈਰੀਅਰ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਫੋਟੋ ਕੈਦ ਨਹੀਂ ਹੋਈ ਹੈ, ਜੇ ਕੈਮਰੇ ਠੀਕ ਹੁੰਦੇ ਤਾਂ ਗੈਂਗਰੇਪ ਦੇ ਮੁਲਜ਼ਮਾਂ ਦੇ ਆਟੋ ਦਾ ਨੰਬਰ ਕੈਦ ਹੋ ਜਾਂਦਾ। ਸੂਤਰਾਂ ਅਨੁਸਾਰ ਕਈ ਕੈਮਰੇ ਤਾਂ ਖਰਾਬ ਪਏ ਹਨ।


Related News