...ਤੇ ਨਾਜਾਇਜ਼ ਸਬੰਧਾਂ ਕਾਰਨ ਹੋਇਆ ਸੀ 'ਆਟੋ ਚਾਲਕ' ਦਾ ਕਤਲ, ਦੋਸਤਾਂ ਨੇ ਕਬੂਲਿਆ ਗੁਨਾਹ
Saturday, Aug 22, 2020 - 01:02 PM (IST)
ਜ਼ੀਰਕਪੁਰ (ਗੁਰਪ੍ਰੀਤ) : ਜ਼ੀਰਕਪੁਰ 'ਚ 200 ਫੁੱਟ ਰਿੰਗ ਰੋਡ 'ਤੇ ਇਕ ਆਟੋ ਚਾਲਕ ਦੇ ਕਤਲ ਮਾਮਲੇ 'ਚ ਪੁਲਸ ਨੇ 2 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਕਤਲ ਦੇ ਪਿੱਛੇ ਕਿਸੇ ਜਨਾਨੀ ਨਾਲ ਨਾਜਾਇਜ਼ ਸਬੰਧਾਂ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਦੋਵੇਂ ਦੋਸ਼ੀਆਂ ਨੇ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਆਪਣੇ ਦੋਸਤ ਦਾ ਕਤਲ ਕੀਤਾ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਪ੍ਰਭਾਰੀ ਗੁਰਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਿੰਦਰ ਸਿੰਘ ਵਾਸੀ ਬਾਲਾ ਜੀ ਨਗਰ, ਡੇਰਾਬੱਸੀ ਦੇ ਭਰਾ ਜਤਿੰਦਰ ਕੁਮਾਰ ਦੇ ਬਿਆਨ ਤੋਂ ਬਾਅਦ ਛਾਣ-ਬੀਣ ਸ਼ੁਰੂ ਹੋਈ। ਪੁਲਸ ਨੇ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ 2 ਆਟੋ ਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਗੌਰਵ (24) ਪੁੱਤਰ ਪ੍ਰਮੋਦ ਕੁਮਾਰ ਹਾਲ ਵਾਸੀ ਡੇਰਾਬੱਸੀ ਅਤੇ ਪ੍ਰਮੋਦ ਸ਼ਰਮਾ ਪੁੱਤਰ ਨਗੇਸ਼ਵਰ ਪ੍ਰਸਾਦ ਹਾਲ ਵਾਸੀ ਡੇਰਾਬੱਸੀ ਦੇ ਰੂਪ 'ਚ ਹੋਈ ਹੈ। ਇਹ ਦੋਵੇਂ ਵੀ ਆਟੋ ਚਾਲਕ ਹਨ ਅਤੇ ਸਿੰਘ ਪੁਰਾ ਚੌਂਕ ਜ਼ੀਰਕਪੁਰ 'ਚ ਆਟੋ ਚਲਾਉਂਦੇ ਹਨ।
ਇੱਕੋ ਜਨਾਨੀ 'ਤੇ ਸੀ ਦੋਹਾਂ ਦੋਸਤਾਂ ਦੀ ਅੱਖ
ਹਰਿੰਦਰ ਨਾਲ ਇਨ੍ਹਾਂ ਦੋਹਾਂ ਦੋਸ਼ੀਆਂ ਦਾ ਖਾਣਾ-ਪੀਣਾ ਸੀ। ਦੋਸ਼ੀ ਪ੍ਰਮੋਦ ਦੇ ਸੈਕਟਰ-25 ਦੀ ਰਹਿਣ ਵਾਲੀ ਕਿਸੇ ਜਨਾਨੀ ਨਾਲ ਨਾਜਾਇਜ਼ ਸਬੰਧ ਸਨ ਅਤੇ ਮ੍ਰਿਤਕ ਹਰਿੰਦਰ ਦੀ ਅੱਖ ਵੀ ਉਸੇ ਜਨਾਨੀ 'ਤੇ ਸੀ। ਥਾਣਾ ਪ੍ਰਭਾਰੀ ਨੇ ਦੱਸਿਆ ਕਿ ਇਕ ਰਾਤ ਨੂੰ 9 ਵਜੇ ਹਰਿੰਦਰ ਘਰੋਂ ਆਟੋ ਲੈ ਕੇ ਨਿਕਲਿਆ ਤਾਂ ਦੋਹਾਂ ਦੋਸਤਾਂ ਵਿਚਕਾਰ ਜਨਾਨੀ ਨੂੰ ਲੈ ਕੇ ਤਕਰਾਰ ਚੱਲ ਪਈ। ਇਹ ਤਕਰਾਰ ਇੰਨੀ ਵੱਧ ਗਈ ਕਿ ਪ੍ਰਮੋਦ ਨੇ ਹਰਿੰਦਰ ਨੂੰ ਆਪਣੇ ਰਸਤੇ 'ਚੋਂ ਹਟਾਉਣ ਦੀ ਯੋਜਨਾ ਬਣਾ ਲਈ। ਇਸ ਯੋਜਨਾ 'ਚ ਉਸਨੇ ਆਪਣੇ ਸਾਥੀ ਆਟੋ ਚਾਲਕ ਗੌਰਵ ਨੂੰ ਵੀ ਮਿਲਾ ਲਿਆ। ਉਨ੍ਹਾਂ ਨੇ ਦੱਸਿਆ ਕੀ ਉਨ੍ਹਾਂ ਨੇ ਪਹਿਲਾਂ ਸਾਜਿਸ਼ ਤਹਿਤ ਗੌਰਵ ਨੂੰ ਸ਼ਰਾਬ ਪਿਲਾਈ, ਜਿਸ ਤੋਂ ਬਾਅਦ ਦੋਹਾਂ ਨੇ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਪ੍ਰਭਾਰੀ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਦੋਸ਼ੀਆਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਜ਼ੀਰਕਪੁਰ 200 ਫੁੱਟ ਰਿੰਗ ਰੋਡ 'ਤੇ ਪੁਲਸ ਨੂੰ ਹਰਿੰਦਰ ਦੀ ਤਾਰ ਨਾਲ ਬੰਨ੍ਹੀ ਲਾਸ਼ ਬਰਮਾਦ ਹੋਈ ਸੀ। ਉਸ ਦੀ ਧੌਣ 'ਤੇ ਨਿਸ਼ਾਨ ਸਨ ਅਤੇ ਧੌਣ ਨੂੰ ਵੀ ਬਿਜਲੀ ਦੀ ਤਾਰ ਨਾਲ ਘੁੱਟਿਆ ਹੋਇਆ ਸੀ।