''ਸੋਲ੍ਹਵਾਂ ਵੀ ਟੱਪਿਆ, 17ਵਾਂ ਵੀ ਟੱਪਿਆ'' ਗਾਣਾ ਉੱਚੀ ਆਵਾਜ਼ ''ਚ ਲਗਾਉਣਾ ਆਟੋ ਚਾਲਕ ਨੂੰ ਪਿਆ ਮਹਿੰਗਾ

11/19/2017 6:54:05 PM

ਜਲੰਧਰ (ਸ਼ੋਰੀ)— ਮਹਾਨਗਰ ਵਿਚ ਆਟੋ ਚਾਲਕ ਜੋ ਕਿ ਉੱਚੀ ਆਵਾਜ਼ ਵਿਚ ਗਾਣੇ ਲਗਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੰਮ ਕਰਦੇ ਹਨ, ਉਨ੍ਹਾਂ ਦੇ ਖਿਲਾਫ ਪੁਲਸ ਨੇ ਸਖਤੀ ਕਰ ਦਿੱਤੀ ਹੈ। ਇਸ ਮੁਹਿੰਮ ਅਧੀਨ ਏ. ਸੀ. ਪੀ. ਮਾਡਲ ਟਾਊਨ ਸਮੀਰ ਵਰਮਾ ਅਤੇ ਬੱਸ ਸਟੈਂਡ ਚੌਕੀ ਦੇ ਇੰਚਾਰਜ ਸੇਵਾ ਸਿੰਘ ਨੇ ਬੀਤੀ ਰਾਤ ਬੱਸ ਸਟੈਂਡ ਕੰਪਲੈਕਸ ਵਿਚ ਬਾਹਰ ਅਜਿਹੇ ਆਟੋ ਚਾਲਕਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਜੋ ਕਿ ਉੱਚੀ ਆਵਾਜ਼ ਵਿਚ ਗਾਣੇ ਲਗਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਸਨ। 
ਨਾਕਾਬੰਦੀ ਦੌਰਾਨ ਇਕ ਆਟੋ ਚਾਲਕ ਨੌਜਵਾਨ ਪੰਜਾਬੀ ਗੀਤ 'ਸੋਲ੍ਹਵਾਂ ਵੀ ਟੱਪਿਆ 17ਵਾਂ ਵੀ ਟੱਪਿਆ' ਗੀਤ ਉੱਚੀ ਆਵਾਜ਼ ਵਿਚ ਲਗਾ ਕੇ ਨਾਕੇ ਕੋਲੋਂ ਲੰਘ ਰਿਹਾ ਸੀ। ਉਕਤ ਆਟੋ ਚਾਲਕ ਨੂੰ ਜਦੋਂ ਟਰੈਫਿਕ ਪੁਲਸ ਵਾਲਿਆਂ ਨੇ ਰੋਕਿਆਂ ਤਾਂ ਉਹ ਅੱਗਿਓਂ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਨਾਲ ਫੋਨ 'ਤੇ ਗੱਲ ਕਰਵਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਏ. ਸੀ. ਪੀ. ਸਮੀਰ ਵਰਮਾ ਨੇ ਉਸ ਦਾ ਚਲਾਨ ਕਟਵਾ ਹੀ ਦਿੱਤਾ। ਇਸ ਦੇ ਨਾਲ ਹੀ ਪੁਲਸ ਨੇ ਸ਼ੱਕੀ ਲੋਕਾਂ ਦੇ ਵਾਹਨਾਂ ਦੀ ਤਲਾਸ਼ੀ ਲਈ ਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ। ਏ. ਸੀ. ਪੀ. ਸਮੀਰ ਵਰਮਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਬੱਸ ਸਟੈਂਡ ਵਿਚ ਕੁਝ ਆਟੋ ਚਾਲਕ ਉੱਚੀ ਆਵਾਜ਼ ਵਿਚ ਗਾਣੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ, ਉਨ੍ਹਾਂ ਦੇ ਖਿਲਾਫ ਅੱਗੇ ਵੀ ਕਾਰਵਾਈ ਜਾਰੀ ਰਹੇਗੀ।


Related News