ਫਿਰ ਵਾਪਰਨ ਜਾ ਰਿਹਾ ਸੀ ਈਸੇਵਾਲ ਕਾਂਡ, 4 ਕਾਬੂ

Sunday, Apr 21, 2019 - 09:40 PM (IST)

ਫਿਰ ਵਾਪਰਨ ਜਾ ਰਿਹਾ ਸੀ ਈਸੇਵਾਲ ਕਾਂਡ, 4 ਕਾਬੂ

ਮੁੱਲਾਂਪੁਰ ਦਾਖਾ,  (ਜ. ਬ.)-ਅਜੇ ਈਸੇਵਾਲ ਗੈਂਗਰੇਪ ਕਾਂਡ ਦਾ ਡਰ ਲੋਕਾਂ ਦੇ ਮਨਾਂ ’ਚੋਂ ਨਹੀਂ ਨਿਕਲਿਆ ਕਿ ਅੱਜ ਫਿਰ ਈਸੇਵਾਲ ਨਹਿਰ ਪੁਲ ਨੇੜੇ ਮੱਝਾਂ ਚਾਰ ਰਹੀ ਲੜਕੀ ਨੂੰ ਵੇਖ ਕੇ ਟਰਾਲੀ ’ਤੇ ਸਵਾਰ 4 ਹਵਸ ਦੇ ਭੇੜੀਆਂ ਨੇ ਉਸ ਦੀ ਇੱਜ਼ਤ ਲੁੱਟਣ ਲਈ ਉਸ ਨੂੰ ਹੱਥ ਪਾ ਲਿਆ ਤੇ ਉਸ ਦੇ ਕੱਪੜੇ ਪਾੜ ਦਿੱਤੇ। ਪੀੜਤ ਲੜਕੀ ਦਾ ਰੌਲਾ ਸੁਣ ਕੇ ਉਸ ਦੇ ਭਰਾ ਨੇ ਮੌਕੇ ’ਤੇ ਪੁੱਜ ਕੇ ਭੈਣ ਦੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਹਵਸ ਦੇ ਭੇੜੀਏ ਆਪਣੀ ਟਰੈਕਟਰ-ਟਰਾਲੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਦੀ ਸੂਚਨਾ ਥਾਣਾ ਦਾਖਾ ਦੀ ਪੁਲਸ ਨੂੰ ਦਿੱਤੀ। ਏ. ਐੱਸ. ਆਈ. ਸੁਰਜੀਤ ਸਿੰਘ ਸਮੇਤ ਪੁਲਸ ਪਾਰਟੀ ਨੇ ਚਾਰਾਂ ਦੋਸ਼ੀਆਂ ਨੂੰ ਦਬੋਚ ਲਿਆ।
ਪੀੜਤ ਲੜਕੀ ਦੇ ਭਰਾ ਨੇ ਆਪਣੇ ਬਿਆਨਾਂ ’ਚ ਦੋਸ਼ ਲਾਇਆ ਕਿ ਉਨ੍ਹਾਂ ਦਾ ਪਰਿਵਾਰ ਮੱਝਾਂ ਪਾਲਣ ਤੇ ਦੁੱਧ ਵੇਚਣ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਦੀ ਭੈਣ ਮੱਝਾਂ ਨੂੰ ਈਸੇਵਾਲ ਨਹਿਰ ਪੁਲ ਕੋਲ ਕਰੀਬ ਢਾਈ ਵਜੇ ਚਾਰ ਰਹੀ ਸੀ। ਟਰੈਕਟਰ-ਟਰਾਲੀ ਉੱਪਰ ਸਵਾਰ 4 ਨੌਜਵਾਨ ਮੇਰੀ ਭੈਣ ਨੂੰ ਇਕੱਲੀ ਵੇਖ ਮਾੜੀ ਨੀਅਤ ਨਾਲ ਉਸ ਕੋਲ ਆਏ ਤੇ ਉਸ ਦੀ ਇੱਜ਼ਤ ਨੂੰ ਹੱਥ ਪਾਇਆ, ਜਿਸ ’ਤੇ ਮੇਰੀ ਭੈਣ ਨੇ ਰੌਲਾ ਪਾ ਦਿੱਤਾ। ਮੇਰੀ ਭੈਣ ਦੀ ਕਮੀਜ਼ ਤਕ ਪਾੜ ਦਿੱਤੀ। ਰੌਲਾ ਸੁਣ ਕੇ ਜਦੋਂ ਮੈਂ ਆਪਣੀ ਭੈਣ ਦੇ ਬਚਾਅ ਲਈ ਆਇਆ ਤਾਂ ਮੈਨੂੰ ਵੇਖ ਚਾਰੇ ਨੌਜਵਾਨ ਟਰੈਕਟਰ-ਟਰਾਲੀ ਛੱਡ ਕੇ ਫਰਾਰ ਹੋ ਗਏ। ਥਾਣਾ ਦਾਖਾ ਦੀ ਪੁਲਸ ਨੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਜ਼ੇਰੇ ਧਾਰਾ 254-ਬੀ 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਅਕਬਰ ਅਲੀ ਉਰਫ ਕੂਆ ਪੁੱਤਰ ਫਰਿਆਦ ਅਲੀ ਵਾਸੀ ਕੁਹਾਡ਼ਾ, ਸੰਨੀ ਪੁੱਤਰ ਮੁਹੰਮਦ ਸਦੀਕ ਵਾਸੀ ਸੁਰਤਾਪੁਰ ਰੋਪੜ, ਅਲੀ ਮੁਹੰਮਦ ਪੁੱਤਰ ਮੱਖਣਦੀਨ ਵਾਸੀ ਸਰਪੰਚ ਕਾਲੋਨੀ ਰਾਮਗੜ੍ਹ, ਰਫੀ ਦੀਨ ਉਰਫ ਬਚਊ ਪੁੱਤਰ ਫਰਿਆਦ ਅਲੀ ਵਾਸੀ ਕੁਹਾੜਾ ਵਜੋਂ ਹੋਈ ਹੈ।


author

DILSHER

Content Editor

Related News