ਫਗਵਾੜਾ ''ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਪ੍ਰਵਾਸੀ ਮਜ਼ਦੂਰ ''ਤੇ ਕੀਤੀ ਫਾਇਰਿੰਗ, 3 ਗੋਲੀਆਂ ਲੱਗਣ ਨਾਲ ਮਜ਼ਦੂਰ ਜ਼ਖਮੀ
Sunday, Oct 12, 2025 - 02:19 AM (IST)

ਫਗਵਾੜਾ (ਜਲੋਟਾ) : ਫਗਵਾੜਾ ਦੇ ਪਿੰਡ ਰਾਣੀਪੁਰ ਕਬੋਆਂ ਦੇ ਲਾਗੇ ਅੱਜ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੁੱਜੇ ਦੋ ਅਣਪਛਾਤੇ ਨਕਾਬਪੋਸ਼ ਪਿਸਤੌਲਧਾਰੀ ਹਮਲਾਵਰਾਂ ਨੇ ਇੱਕ ਪ੍ਰਵਾਸੀ ਮਜ਼ਦੂਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਪ੍ਰਵਾਸੀ ਮਜ਼ਦੂਰ ਜਿਸ ਦੀ ਪਛਾਣ ਅਰੁਣ ਕੁਮਾਰ ਪੁੱਤਰ ਰਘੂਨਾਥ ਰਾਏ ਵਾਸੀ ਪਿੰਡ ਬੋਹਾਨੀ ਵਜੋਂ ਹੋਈ ਹੈ, ਨੂੰ ਗੰਭੀਰ ਹਾਲਤ 'ਚ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ, ਜਿੱਥੇ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਅਰੁਣ ਕੁਮਾਰ ਨੂੰ ਤਿੰਨ ਗੋਲੀਆਂ ਲੱਗੀਆਂ ਹਨ। ਦੱਸਣ ਮੁਤਾਬਕ ਪਿੰਡ ਰਾਣੀਪੁਰ ਕਬੋਆਂ ਦੇ ਵਸਨੀਕਾਂ ਵੱਲੋਂ ਇੱਕ ਦੋਸ਼ੀ ਹਮਲਾਵਰ ਨੂੰ ਮੌਕੇ 'ਤੇ ਕਾਬੂ ਕਰ ਕੇ ਫਗਵਾੜਾ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ਜਾਮ! 3 ਕਿੱਲੋਮੀਟਰ ਤਕ ਲੱਗੀਆਂ ਗੱਡੀਆਂ ਦੀਆਂ ਲਾਈਨਾਂ
ਅਸਲ ਨਿਸ਼ਾਨਾ ਤਾਂ ਮੈਂ ਸੀ, ਦੋਸ਼ੀ ਹਮਲਾਵਰ ਨੌਜਵਾਨ ਬੀਤੇ 2 ਦਿਨਾਂ ਤੋਂ ਕਰ ਰਹੇ ਸਨ ਮੇਰੀ ਰੇਕੀ : ਕਿਸਾਨ ਅਮਰੀਕ ਸਿੰਘ
ਪਿੰਡ ਬੋਹਾਨੀ ਦੇ ਰਹਿਣ ਵਾਲੇ ਕਿਸਾਨ ਅਮਰੀਕ ਸਿੰਘ ਪੁੱਤਰ ਕਰਮ ਸਿੰਘ ਜੋ ਕਿ ਸਹਿਕਾਰੀ ਸਮਿਤੀ ਪਿੰਡ ਰਾਣੀਪੁਰ ਕਬੋਆਂ ਦੇ ਪ੍ਰਧਾਨ ਹਨ, ਨੇ ਦੱਸਿਆ ਕਿ ਕੁਝ ਨੌਜਵਾਨ ਉਹਨਾਂ ਦੀ ਬੀਤੇ 2 ਦਿਨਾਂ ਤੋਂ ਲਗਾਤਾਰ ਰੇਕੀ ਕਰ ਰਹੇ ਸਨ ਅਤੇ ਦੋਸ਼ੀ ਹਮਲਾਵਰਾਂ ਦੇ ਅਸਲ ਟਾਰਗੇਟ ਤਾਂ ਉਹ ਸਨ। ਉਹਨਾਂ ਰੋਸ ਜਤਾਉਂਦੇ ਹੋਏ ਦੱਸਿਆ ਕਿ ਬੀਤੇ 2 ਦਿਨਾਂ ਤੋਂ ਅਣਪਛਾਤੇ ਨੌਜਵਾਨਾਂ ਵੱਲੋਂ ਉਹਨਾਂ ਦੀ ਕੀਤੀ ਜਾ ਰਹੀ ਲਗਾਤਾਰ ਰੇਕੀ ਬਾਰੇ ਫਗਵਾੜਾ ਪੁਲਸ ਨੂੰ ਉਹਨਾਂ ਵੱਲੋਂ ਲਗਾਤਾਰ ਦੱਸਿਆ ਗਿਆ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਪੁਲਸ ਅਧਿਕਾਰੀਆਂ ਨੇ ਇਸ ਸਬੰਧੀ ਕੁਝ ਨਹੀਂ ਕੀਤਾ ਅਤੇ ਸਿੱਟੇ ਵਜੋਂ ਅੱਜ ਉਹਨਾਂ ਦੇ ਪੁੱਤਰ ਵਰਗੇ ਪ੍ਰਵਾਸੀ ਮਜ਼ਦੂਰ ਨੂੰ ਦੋਸ਼ੀ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਪੁਲਸ ਸਮਾਂ ਰਹਿੰਦੇ ਉਹਨਾਂ ਵੱਲੋਂ ਵਾਰ-ਵਾਰ ਦਿੱਤੀ ਜਾ ਰਹੀ ਜਾਣਕਾਰੀ 'ਤੇ ਧਿਆਨ ਦਿੰਦੇ ਹੋਏ ਇਸ ਦਾ ਨੋਟਿਸ ਲੈ ਲੈਂਦੀ ਤਾਂ ਸ਼ਾਇਦ ਅੱਜ ਇਹ ਗੋਲੀਕਾਂਡ ਨਾ ਵੇਖਣ ਨੂੰ ਮਿਲਦਾ। ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਨੌਕਰ ਅਰੁਣ ਕੁਮਾਰ ਪੁੱਤਰ ਰਘੂਨਾਥ ਰਾਏ ਨੇ ਜਦੋਂ ਅੱਜ ਸਵੇਰੇ ਇਹਨਾਂ ਨੌਜਵਾਨਾਂ ਨੂੰ ਵੇਖਿਆ ਤਾਂ ਉਸਨੇ ਆਪਣੇ ਮੋਟਰਸਾਈਕਲ ਤੇ ਇਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿੰਡ ਰਾਣੀਪੁਰ ਕਬੋਆਂ ਦੇ ਲਾਗੇ ਦੋਸ਼ੀ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਇੱਕ ਹਮਲਾਵਰ ਨੇ ਉਸ ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਉਹਨਾਂ ਦੱਸਿਆ ਕਿ ਅਰੁਣ ਕੁਮਾਰ ਦੇ ਪੈਰ, ਬਾਂਹ ਅਤੇ ਕੁੱਲੇ 'ਤੇ ਤਿੰਨ ਗੋਲੀਆਂ ਲੱਗੀਆਂ ਹਨ ਅਤੇ ਉਸ ਦਾ ਇਲਾਜ ਸਥਾਨਕ ਸਿਵਲ ਹਸਪਤਾਲ ਫਗਵਾੜਾ ਵਿਖੇ ਸਰਕਾਰੀ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਨਮਾਜ਼ ਪੜ੍ਹ ਰਹੇ ਅਹਿਮਦੀਆ ਮੁਸਲਮਾਨਾਂ ’ਤੇ ਗੋਲੀਬਾਰੀ
ਗੋਲੀਕਾਂਡ ਦੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ : ਐੱਸਪੀ ਫਗਵਾੜਾ
ਪਿੰਡ ਰਾਣੀਪੁਰ ਕਬੋਆਂ ਲਾਗੇ ਹੋਏ ਗੋਲੀਕਾਂਡ ਦੇ ਮਾਮਲੇ 'ਚ ਪੁਲਸ ਨੇ ਪਿੰਡ ਦੇ ਵਸਨੀਕਾਂ ਦੀ ਮਦਦ ਨਾਲ ਇੱਕ ਦੋਸ਼ੀ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਐੱਸਪੀ ਫਗਵਾੜਾ ਗੁਰਮੀਤ ਕੌਰ ਚਾਹਲ ਨੇ ਮੀਡੀਆ ਨਾਲ ਸਾਂਝੀ ਕਰਦੇ ਹੋਏ ਦੱਸਿਆ ਕੀ ਪਿੰਡ ਰਾਣੀਪੁਰ ਦੇ ਲਾਗੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਫਾਇਰਿੰਗ ਕੀਤੀ ਹੈ ਜਿਸ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਜਿਸਦੀ ਪਛਾਣ ਅਰੁਣ ਕੁਮਾਰ ਵਜੋਂ ਹੋਈ ਹੈ, ਗੰਭੀਰ ਰੂਪ 'ਚ ਜ਼ਖਮੀ ਹੋਇਆ ਹੈ। ਅਰੁਣ ਕੁਮਾਰ ਦਾ ਇਲਾਜ ਸਿਵਲ ਹਸਪਤਾਲ ਫਗਵਾੜਾ ਵਿਖੇ ਸਰਕਾਰੀ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਐੱਸਪੀ ਗੁਰਮੀਤ ਕੌਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਹਮਲਾਵਰ ਦੀ ਪਛਾਣ ਸਮੀਰ ਪੁੱਤਰ ਸੰਦੀਪ ਵਾਸੀ ਪਿੰਡ ਅਕਾਲਪੁਰ ਰੋਡ ਮੁਹੱਲਾ ਬ੍ਰਹਮਪੁਰ ਫਿਲੌਰ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਹਾਲੇ ਤੱਕ ਹੋਈ ਪੁਲਸ ਜਾਂਚ ਚ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਆਖਿਰ ਪ੍ਰਵਾਸੀ ਮਜ਼ਦੂਰ 'ਤੇ ਗੋਲੀਆਂ ਕਿਉਂ ਚਲਾਈਆਂ ਗਈਆਂ ਹਨ ਅਤੇ ਇਸਦੇ ਪਿੱਛੇ ਦੀ ਅਸਲ ਕਹਾਣੀ ਕੀ ਰਹੀ ਹੈ? ਉਹਨਾਂ ਦੱਸਿਆ ਕਿ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਦੇ ਹੁਕਮਾਂ ਤੇ ਪੁਲਸ ਦੀ ਵਿਸ਼ੇਸ਼ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਇਸ ਮਾਮਲੇ 'ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8