ਕਾਰ ਸਵਾਰ ਨੌਜਵਾਨ ’ਤੇ ਮੋਟਰਸਾਈਕਲ ਸਵਾਰ ਵੱਲੋਂ ਚਾਕੂਆਂ ਨਾਲ ਹਮਲਾ

Saturday, Aug 28, 2021 - 03:08 PM (IST)

ਕਾਰ ਸਵਾਰ ਨੌਜਵਾਨ ’ਤੇ ਮੋਟਰਸਾਈਕਲ ਸਵਾਰ ਵੱਲੋਂ ਚਾਕੂਆਂ ਨਾਲ ਹਮਲਾ

ਡੇਰਾਬਸੀ (ਜ. ਬ.) : ਡੇਰਾਬਸੀ-ਗੁਲਾਬਗੜ੍ਹ ਮਾਰਗ ’ਤੇ ਕਾਰ ਸਵਾਰ ਇਕ ਨੌਜਵਾਨ ’ਤੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਬੁਰੀ ਤਰ੍ਹਾਂ ਜ਼ਖ਼ਮੀ 25 ਸਾਲਾ ਵਿਸ਼ਾਲ ਵਾਸੀ ਭਗਤ ਸਿੰਘ ਡੇਰਾਬੱਸੀ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਸੈਕਟਰ-32 ਜੀ. ਐੱਮ. ਸੀ. ਐੱਚ. ਰੈਫਰ ਕਰ ਦਿੱਤਾ ਹੈ। ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਵਿਸ਼ਾਲ ਕਿਸੇ ਕੰਮ ਲਈ ਸਾਈਨ ਕੇਕ ਵਾਲੇ ਦੇ ਨੇੜੇ ਕਾਰ ਵਿਚ ਆਇਆ। ਜਦੋਂ ਉਹ ਗੱਡੀ ’ਚੋਂ ਉਤਰਿਆ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਨੇੜੇ ਖੜ੍ਹੀ ਕੇਲਿਆਂ ਦੀ ਰੇਹੜੀ ਤੋਂ ਚਾਕੂ ਚੁੱਕ ਕੇ ਉਸ ’ਤੇ ਹਮਲਾ ਕਰ ਦਿੱਤਾ। ਉਸ ਦੇ ਹੱਥ ਅਤੇ ਪੇਟ ’ਤੇ ਚਾਕੂਆਂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਮਲੇ ਦੀ ਵਜ੍ਹਾ ਪੁਰਾਣੀ ਰੰਜਿਸ਼ ਲੱਗਦੀ ਹੈ। ਹਮਲੇ ਤੋਂ ਬਾਅਦ ਹਮਲਾਵਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਮੋਟਰਸਾਈਕਲ ਡਿੱਗ ਗਿਆ। ਮੌਕੇ ’ਤੇ ਇਕ ਨੌਜਵਾਨ ਨੂੰ ਹਿਰਾਸਤ ਵਿਚ ਲੈਣ ਦੀ ਸੂਚਨਾ ਹੈ। ਪੁਲਸ ਨੇ ਮੋਟਰਸਾਈਕਲ ਜ਼ਬਤ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News