ਤਰਨਤਾਰਨ : ਕੰਧਾਂ ਟੱਪ ਕੇ ਸਕੂਲ ''ਚ ਦਾਖਲ ਹੋਏ ਚੋਰ, ਚੌਕੀਦਾਰ ''ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Thursday, Jul 27, 2017 - 06:23 PM (IST)
ਚੰਬਾਲ— ਅਣਪਛਾਤੇ ਵਿਅਕਤੀਆਂ ਵੱਲੋਂ ਬੁੱਧਵਾਰ ਦੀ ਰਾਤ ਨੂੰ ਤਰਨਤਾਰਨ ਦੇ ਚੰਬਾਲ ਇਲਾਕੇ ਵਿਖੇ ਸ਼੍ਰੀ ਹਰਕ੍ਰਿਸ਼ਨ ਸਕੂਲ 'ਚ ਦਾਖਲ ਹੋ ਕੇ ਚੌਕੀਦਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਚੌਕੀਦਾਰ ਵੱਲੋਂ ਰੌਲਾ ਪਾਉਣ 'ਤੇ ਸਕੂਲ 'ਚ ਚੋਰੀ ਦੀ ਵੱਡੀ ਵਾਰਦਾਤ ਹੋਣ ਦਾ ਬਚਾਅ ਹੋਇਆ। ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਲਈ ਦਾਖਲ ਜ਼ਖਮੀ ਚੌਕੀਦਾਰ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਉਸ ਦੀ ਅਤੇ ਉਸ ਦੇ ਨਾਲ ਦਿਲਬਾਗ ਸਿੰਘ ਦੀ ਸ਼੍ਰੀ ਹਰਕ੍ਰਿਸ਼ਨ ਸਕੂਲ ਵਿਖੇ ਡਿਊਟੀ ਸੀ ਕਿ ਰਾਤ ਦੇ 2 ਵਜੇ ਦੇ ਕਰੀਬ ਚੋਰੀ ਦੇ ਇਰਾਦੇ ਦੇ ਨਾਲ 4-5 ਨੌਜਵਾਨ ਕੰਧਾਂ ਟੱਪ ਕੇ ਅੰਦਰ ਆ ਗਏ। ਇਹ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਇਨ੍ਹਾਂ ਨੇ ਆਉਂਦੇ ਹੀ ਦਵਿੰਦਰ ਸਿੰਘ ਦੇ ਸਿਰ 'ਤੇ ਵਾਰ ਕੀਤਾ, ਜਿਸ ਕਰਕੇ ਉਹ ਜ਼ਮੀਨ 'ਤੇ ਡਿੱਗ ਗਿਆ। ਫਿਰ ਉਨ੍ਹਾਂ ਨੇ ਚੌਕੀਦਾਰ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਤਿੱਖੇ ਵਾਰ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਰੌਲਾ ਪਾਉਣ 'ਤੇ ਦੂਜੇ ਪਾਸੋਂ ਉਸ ਦਾ ਸਾਥੀ ਦਿਲਬਾਗ ਦੌੜ ਕੇ ਆਇਆ ਅਤੇ ਰੌਲਾ ਪਾਉਣ 'ਤੇ ਚੋਰ ਤੁਰੰਤ ਮੌਕਾ ਦੇਖਦੇ ਹੀ ਉਥੋਂ ਭੱਜ ਗਏ। ਬਾਅਦ 'ਚ ਉਸ ਦੇ ਸਾਥੀ ਦਿਲਬਾਗ ਸਿੰਘ ਨੇ ਉਸ ਨੂੰ ਖੋਲ੍ਹ ਕੇ ਜ਼ਖਮੀ ਹਾਲਤ 'ਚ ਸਰਕਾਰੀ ਹਸਪਤਾਲ ਦਾਖਲ ਪਹੁੰਚਾਇਆ ਅਤੇ ਤੁਰੰਤ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ।
