ਵੱਡੀ ਖ਼ਬਰ: ਬਠਿੰਡਾ ਜੇਲ੍ਹ ''ਚ ਗੈਂਗਵਾਰ! ਅੱਤਵਾਦੀ ਰਿੰਦਾ ਦੇ ਭਰਾ ’ਤੇ ਹਮਲਾ
Saturday, Feb 25, 2023 - 02:31 PM (IST)
 
            
            ਬਠਿੰਡਾ(ਵਰਮਾ) : ਕੇਂਦਰੀ ਜੇਲ੍ਹ ’ਚ ਬੰਦ ਗੁਰਦਾਸਪੁਰ ਨਿਵਾਸੀ ਗੈਂਗਸਟਰ ਰਾਜਵੀਰ ਸਿੰਘ ’ਤੇ ਸ਼ੁੱਕਰਵਾਰ ਨੂੰ ਉਸ ਦੇ ਸਾਥੀਆਂ ਨੇ ਬੈਰਕ ’ਚ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਰਾਜਵੀਰ ਦੇ ਸਿਰ ’ਤੇ ਸੱਟਾਂ ਲੱਗਣ ਕਾਰਨ ਜੇਲ੍ਹ ਮੁਲਾਜ਼ਮ ਉਸ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਮਸ਼ੂਕ ਦੇ ਫੜੇ ਜਾਣ ਦਾ ਦਰਦ ਤੇ ਬਦਲਾ ਲੈਣ ਦੀ ਟੀਸ ਬਣੀ ਗੈਂਗਸਟਰ ਤੇਜਾ ਦੀ ਮੌਤ ਦਾ ਕਾਰਨ
ਜ਼ਖ਼ਮੀ ਗੈਂਗਸਟਰ ਵਿਦੇਸ਼ ਬੈਠੇ ਗੈਂਗਸਟਰ ਰਿੰਦਾ ਦਾ ਚਚੇਰਾ ਭਰਾ ਦੱਸਿਆ ਜਾਂਦਾ ਹੈ। ਸਿਵਲ ਹਸਪਤਾਲ ’ਚ ਇਲਾਜ ਲਈ ਲਿਆਂਦੇ ਗਏ ਗੈਂਗਸਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਦੋਂ ਉਹ ਆਪਣੇ ਸਾਥੀਆਂ ਸ਼ੁਭਮ, ਗੁਰਮਖ ਸਿੰਘ ਅਤੇ ਜਗਰੌਸ਼ਨ ਸਿੰਘ ਨਾਲ ਆਪਣੀ ਬੈਰਕ ’ਚ ਬੈਠਾ ਸੀ ਤਾਂ ਇਨ੍ਹਾਂ ਚਾਰਾਂ ’ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਉਸ ਨੇ ਦੱਸਿਆ ਕਿ ਇਸ ਦੌਰਾਨ ਸ਼ੁਭਮ, ਗੁਰਮਖ ਅਤੇ ਜਗਰੌਸ਼ਨ ਸਿੰਘ ਨੇ ਉਸ ’ਤੇ ਕਿਸੇ ਚੀਜ਼ ਨਾਲ ਹਮਲਾ ਕਰ ਕੇ ਉਸ ਦੇ ਸਿਰ ’ਤੇ ਸੱਟਾਂ ਮਾਰੀਆਂ। ਜ਼ਖ਼ਮੀ ਗੈਂਗਸਟਰ ਦਾ ਇਲਾਜ ਕਰ ਰਹੇ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਜ਼ਖ਼ਮੀ ਦੀਆਂ ਸੱਟਾਂ ਸਬੰਧੀ ਐੱਮ. ਐੱਲ. ਆਰ. ਕੱਟ ਕੇ ਸਬੰਧਤ ਥਾਣੇ ਨੂੰ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ : ਪ੍ਰੀਪੇਡ ਬਿਜਲੀ ਮੀਟਰ ਯੋਜਨਾ ਨੇ ਵਧਾਈ ਲੋਕਾਂ ਦੀ ਚਿੰਤਾ; ਜਾਣੋ ਕਿਵੇਂ ਕਰਦੈ ਕੰਮ ਤੇ ਕੀ ਹਨ ਮੀਟਰ ਦੇ ਲਾਭ
ਸਰਕਾਰ ਨੇ ਰਿੰਦਾ ਨੂੰ ਐਲਾਨਿਆ ਅੱਤਵਾਦੀ
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਗ੍ਰਹਿ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਪਾਕਿਸਤਾਨ ’ਚ ਰਹਿ ਰਹੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਨੂੰ ਅੱਤਵਾਦੀ ਐਲਾਨਿਆ ਸੀ। ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਨੂੰ 2021 ਵਿਚ ਪੰਜਾਬ ਪੁਲਸ ਦੇ ਖੁਫ਼ੀਆ ਹੈੱਡਕੁਆਰਟਰ ’ਤੇ ਹਮਲੇ ਦੇ ਸਾਜ਼ਿਸ਼ਕਰਤਾਵਾਂ ’ਚੋਂ ਇਕ ਮੰਨਿਆ ਜਾਂਦਾ ਹੈ। ਇੰਟਰਪੋਲ ਨੇ ਉਸ ਖ਼ਿਲਾਫ਼ ‘ਰੈੱਡ ਕਾਰਨਰ ਨੋਟਿਸ’ ਵੀ ਜਾਰੀ ਕੀਤਾ ਸੀ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਹਰਵਿੰਦਰ ਸਿੰਘ ਸੰਧੂ ਦੇ ਪਾਕਿਸਤਾਨ ਸਥਿਤ ਅੱਤਵਾਦੀ ਗਰੁੱਪਾਂ ਨਾਲ ਸਿੱਧੇ ਸਬੰਧ ਹਨ । ਉਹ ਵੱਡੇ ਪੱਧਰ ’ਤੇ ਨਸ਼ੇ ਵਾਲੇ ਪਦਾਰਥਾਂ ਤੋਂ ਇਲਾਵਾ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਰਹੱਦ ਪਾਰ ਤੋਂ ਸਮਗਲਿੰਗ ’ਚ ਸ਼ਾਮਲ ਹੈ।
ਇਹ ਵੀ ਪੜ੍ਹੋ : ਸਾਬਕਾ ਤੇ ਮੌਜੂਦਾ ਵਿਧਾਇਕਾਂ ਖ਼ਿਲਾਫ਼ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਹਾਈ ਕੋਰਟ ਸਖ਼ਤ, ਦਿੱਤੇ ਇਹ ਨਿਰਦੇਸ਼
ਮੰਤਰਾਲਾ ਨੇ ਕਿਹਾ ਸੀ ਕਿ ਉਹ ਪੰਜਾਬ, ਮਹਾਰਾਸ਼ਟਰ, ਹਰਿਆਣਾ, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਅਤੇ ਫਿਰੌਤੀ ਵਰਗੀਆਂ ਵੱਖ-ਵੱਖ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਰਿਹਾ ਹੈ। ਉਹ ਸਰਕਾਰ ਵੱਲੋਂ ਅੱਤਵਾਦੀ ਐਲਾਨਿਆ ਜਾਣ ਵਾਲਾ 54ਵਾਂ ਵਿਅਕਤੀ ਹੈ। ਦੱਸਣਯੋਗ ਹੈ ਕਿ ਇਸੇ ਦੌਰਾਨ ਕੁਝ ਸਮਾਂ ਪਹਿਲਾਂ ਰਿੰਦਾ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਸੀ ਪਰ ਇਸ ਦੀ ਕਿਸੇ ਅਧਿਕਾਰੀ ਜਾਂ ਏਜੰਸੀ ਨੇ ਪੁਸ਼ਟੀ ਨਹੀਂ ਕੀਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            