ਸਹੁਰੇ ਪਰਿਵਾਰ ਨੇ ਜਵਾਈ ਦੇ ਘਰ ਕੀਤਾ ਹਮਲਾ, 3 ਜ਼ਖਮੀਂ
Friday, Sep 04, 2020 - 11:57 AM (IST)

ਘਨੌਰ (ਅਲੀ) : ਪਿੰਡ ਚਮਾਰੂ ਵਿਖੇ ਪਤੀ-ਪਤਨੀ ਦੇ ਚੱਲ ਰਹੇ ਆਪਸੀ ਘਰੇਲੂ ਝਗੜੇ ਨੂੰ ਸੁਲਝਾਉਣ ਲਈ ਕੁੜੀ ਦੇ ਪਰਿਵਾਰ ’ਚੋਂ ਦਰਜਨ ਦੇ ਕਰੀਬ ਵਿਅਕਤੀ ਮੁੰਡੇ ਦੇ ਘਰ ਪਹੁੰਚੇ। ਇਸ ਦੌਰਾਨ ਦੋਵੇਂ ਧਿਰਾਂ ’ਚ ਆਪਸੀ ਗੱਲਬਾਤ ਨੂੰ ਲੈ ਕੇ ਤਕਰਾਰ ਹੋ ਗਈ। ਮੁੰਡੇ ਗੁਰਵਿੰਦਰ ਸਿੰਘ ਪੁੱਤਰ ਨਿਰਮੈਲ ਸਿੰਘ ਵਾਸੀ ਚਮਾਰੂ ਦੇ ਕਹਿਣ ਅਨੁਸਾਰ ਸਹੁਰੇ ਪਰਿਵਾਰ ਵੱਲੋਂ ਕੀਤੇ ਗਏ ਤੇਜ਼ਧਾਰ ਹਥਿਆਰ ਨਾਲ ਹਮਲੇ ’ਚ ਉਸ ਸਮੇਤ ਪਰਿਵਾਰ ਦੀਆਂ 2 ਜਨਾਨੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਘਨੌਰ ਵਿਖੇ ਦਾਖ਼ਲ ਕਰਵਾਇਆ ਗਿਆ।
ਗੱਲਬਾਤ ਕਰਦਿਆਂ ਲੜਕੇ ਗੁਰਵਿੰਦਰ ਸਿੰਘ ਪੁੱਤਰ ਨਿਰਮੈਲ ਸਿੰਘ ਵਾਸੀ ਚਮਾਰੂ ਨੇ ਦੱਸਿਆ ਕਿ ਘਰ ਦੇ ਕੰਮਕਾਜ ਨੂੰ ਲੈ ਕੇ ਪਤੀ-ਪਤਨੀ ਦਾ ਝਗੜਾ ਹੋ ਗਿਆ। ਇਸ ’ਤੇ ਉਸ ਦਾ ਸਹੁਰਾ ਭਰਪੂਰ ਸਿੰਘ, ਸੱਸ ਹਰਵਿੰਦਰ ਕੌਰ, ਸਾਲਾ ਮੋਹਨਦੀਪ ਸਿੰਘ ਆਪਣੇ ਦਰਜਨ ਦੇ ਕਰੀਬ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਮਾਰਕੁੱਟ ਦੀ ਨੀਅਤ ਨਾਲ ਸਾਡੇ ਘਰ ਪਹੁੰਚ ਗਏ। ਗੱਲਬਾਤ ਤੋਂ ਕੁਝ ਦੇਰ ਬਾਅਦ ਹੀ ਘਰ ’ਚ ਪਏ ਸਮਾਨ ਦੀ ਭੰਨ੍ਹਤੋੜ ਕਰਦਿਆਂ ਪਰਿਵਾਰ ’ਤੇ ਹਮਲਾ ਕਰ ਦਿੱਤਾ। ਇਸ ’ਚ ਮੇਰੇ ਸਮੇਤ ਮੇਰੀ ਮਾਤਾ ਅਤੇ ਮਾਸੀ ਗੰਭੀਰ ਜ਼ਖ਼ਮੀ ਹੋ ਗਈਆਂ ਹਨ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹਨ।
ਗੁਰਵਿੰਦਰ ਸਿੰਘ ਨੇ ਸਹੁਰੇ ਪਰਿਵਾਰ ’ਤੇ ਦੋਸ਼ ਲਾਏ ਕਿ ਜਦੋਂ ਅਸੀਂ ਹਮਲੇ ਦਾ ਸ਼ਿਕਾਰ ਹੋਈਆਂ ਜਨਾਨੀਆਂ ਨੂੰ ਸੰਭਾਲਣ ’ਚ ਲੱਗ ਗਏ ਤਾਂ ਮੇਰਾ ਸਹੁਰਾ ਪਰਿਵਾਰ ਆਪਣੀ ਕੁੜੀ ਅਮਨਦੀਪ ਕੌਰ (ਉਸ ਦੀ ਪਤਨੀ) ਸਮੇਤ ਘਰ ’ਚ ਪਏ ਸੋਨੇ ਦੇ ਗਹਿਣੇ ਅਤੇ ਪੈਸੇ ਵੀ ਲੈ ਗਏ। ਇਸ ਮੌਕੇ ਜ਼ਖ਼ਮੀਂ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੇਰੇ ਕੋਲ 2 ਬੇਟੀਆਂ ਹਨ, ਜਿਨ੍ਹਾਂ ’ਚੋਂ ਇਕ ਨੂੰ ਨਾਲ ਲੈ ਗਏ ਹਨ।
ਇਸ ਸਬੰਧੀ ਜਦੋਂ ਕੁੜੀ ਦੇ ਪਿਤਾ ਭਰਪੂਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁੰਡੇ ਵਾਲਿਆਂ ਵੱਲੋਂ ਦੋਸ਼ ਲਾਏ ਗਏ ਸਾਰੇ ਝੂਠੇ ਹਨ। ਉਹ ਲੰਮੇ ਸਮੇਂ ਤੋਂ ਉਨ੍ਹਾਂ ਦੀ ਧੀ ਨੂੰ ਤੰਗ-ਪਰੇਸ਼ਾਨ ਕਰਦੇ ਆ ਰਹੇ ਸਨ। ਅਸੀਂ ਸਮਝਾਉਣ ਗਏ ਸੀ ਨਾ ਕਿ ਉਨ੍ਹਾਂ ’ਤੇ ਹਮਲਾ ਕਰਨ।