ਸਹੁਰਿਆਂ ਨੇ ਹਥਿਆਰਾਂ ਸਣੇ ਸੁੱਤੇ ਪਏ ਜਵਾਈ ''ਤੇ ਬੋਲਿਆ ਧਾਵਾ, ਸਾਰੀ ਵਾਰਦਾਤ CCTV ''ਚ ਕੈਦ
Sunday, Oct 25, 2020 - 11:56 AM (IST)
ਮੋਗਾ (ਗੋਪੀ ਰਾਉੂਕੇ, ਆਜ਼ਾਦ) : ਮੋਗਾ ਦੇ ਮੈਜਿਸਟਿਕ ਰੋਡ ਵਿਖੇ ਸੁੱਤੇ ਪਏ ਜਵਾਈ 'ਤੇ ਸਹੁਰਾ ਪਰਿਵਾਰ ਵਲੋਂ ਸਵੇਰੇ ਸਵਾ 4 ਵਜੇ ਦੇ ਕਰੀਬ ਹਥਿਆਰਾਂ ਦੀ ਨੌਕ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਇਥੇ ਹੀ ਬੱਸ ਨਹੀਂ ਹਮਲਾਵਾਰ ਕਥਿਤ ਤੌਰ ’ਤੇ ਪੀੜਤ ਦੀ ਲਾਈਸੈਂਸੀ ਰਾਈਫਲ ਵੀ ਖੋਹ ਕੇ ਨਾਲ ਲੈ ਗਏ। ਪੀੜਤ ਚਰਨਾਮਤ ਸਿੰਘ ਨੇ ਥਾਣਾ ਸਿਟੀ ਮੋਗਾ-1 ਵਿਖੇ ਦਿੱਤੇ ਸ਼ਿਕਾਇਤ ਪੱਤਰ 'ਚ ਦੋਸ਼ ਲਗਾਇਆ ਕਿ ਕੁੱਝ ਦਿਨ ਪਹਿਲਾਂ ਉਸ ਦਾ ਆਪਣੀ ਪਤਨੀ ਮਨਦੀਪ ਕੌਰ ਨਾਲ ਰਾਤ ਸਮੇਂ ਮਾਮੂਲੀ ਤਕਰਾਰ ਹੋ ਗਿਆ, ਜਿਸ ਨੇ ਮੈਨੂੰ ਕਿਹਾ ਕਿ ਸਵੇਰੇ ਉਹ ਆਪਣੇ ਪੇਕੇ ਪਰਿਵਾਰ ਨੂੰ ਸੱਦੇਗੀ।
ਉਸ ਨੇ ਸ਼ਿਕਾਇਤ ਰਾਹੀਂ ਕਿਹਾ ਕਿ ਮਾਮੂਲੀ ਤਕਰਾਰ ਦੌਰਾਨ ਮੇਰੇ ਸਹੁਰਾ ਪਰਿਵਾਰ ਨੇ ਸਾਡੀ ਸੁਲ੍ਹਾ-ਸਫਾਈ ਕਰਵਾਉਣ ਦੀ ਬਜਾਏ ਸਵੇਰੇ ਸਵਾ 4 ਵਜੇ ਮੇਰੇ ’ਤੇ ਆ ਕੇ ਹਮਲਾ ਕਰਦਿਆਂ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਵਲੋਂ ਬੈਠ ਕੇ ਗੱਲ ਕਰਨ ਦੇ ਵਾਰ-ਵਾਰ ‘ਹਾੜੇ’ ਕੱਢਣ ਦੇ ਬਾਵਜੂਦ ਵੀ ਉਨ੍ਹਾਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਪੀੜਤ ਨੇ ਦੱਸਿਆ ਕਿ ਮੇਰੀ ਪਤਨੀ ਮਨਦੀਪ ਕੌਰ ਨੇ ਇਸ ਕੁੱਟਮਾਰ ਕਰਵਾਉਣ 'ਚ ਮੇਰੇ ਸਾਲੇ ਦੀਦਾਰ ਸਿੰਘ, ਭਰਜਾਈ ਜਸਵੀਰ ਕੌਰ, ਗੁਰਪ੍ਰੀਤ ਸਿੰਘ ਗੋਪੀ ਦਾ ਪੂਰਾ ਸਾਥ ਦਿੱਤਾ। ਪੀੜਤ ਨੇ ਥਾਣਾ ਸਿਟੀ ਮੋਗਾ ਦੇ ਮੁੱਖੀ ਗੁਰਪ੍ਰੀਤ ਸਿੰਘ ਮੂਹਰੇ ਮਾਮਲੇ ਦੀ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋਈ ਵੀਡੀਓ ਅਤੇ ਹਮਲਾਵਾਰਾਂ ਵਲੋਂ ਰਾਈਫਲ ਚੁੱਕ ਕੇ ਲੈ ਜਾਣ ਦੀਆਂ ਤਸਵੀਰਾਂ ਪੇਸ਼ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਫੌਰੀ ਤੌਰ ’ਤੇ ਪੜਤਾਲ ਕਰਵਾ ਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ, ਕਿਉਂਕਿ ਉਹ ਇਸ ਘਟਨਾ ਮਗਰੋਂ ਡੂੰਘੇ ਸਦਮੇ ’ਚੋਂ ਲੰਘ ਰਿਹਾ ਹੈ।
ਪੀੜਤ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ 30 ਵਰ੍ਹੇ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਤੇ ਉਸ ਦੇ ਤਿੰਨ ਬੱਚੇ ਵਿਦੇਸ਼ਾਂ 'ਚ ਅਤੇ ਇਥੇ ਪੂਰੀ ਤਰ੍ਹਾਂ ਨਾਲ ਚੰਗਾ ਕਾਰੋਬਾਰ ਕਰ ਰਹੇ ਹਨ ਤੇ ਉਦੋਂ ਤੋਂ ਅੱਜ ਤੱਕ ਕਦੇ ਵੀ ਸਹੁਰਾ ਪਰਿਵਾਰ ਨਾਲ ਕੋਈ ਗੱਲਬਾਤ ਇਸ ਪੱਧਰ ’ਤੇ ਨਹੀਂ ਹੋਈ, ਪਰ ਉਨ੍ਹਾਂ ਐਤਕੀ ਬੇਹੱਦ ਧੱਕੇਸ਼ਾਹੀਂ ਕੀਤੀ ਹੈ। ਭਰੇ ਮਨ ਨਾਲ ਪੀੜਤ ਨੇ ਇਨਸਾਫ ਦੀ ਮੰਗ ਕੀਤੀ ਹੈ।ਜਵਾਨ, ਜਿਸ ਦੀ ਫੋਟੋ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋਈ ਹੈ। (ਕਲਿਆਣ)
ਮਾਮਲੇ ਦੀ ਪੜ੍ਹਤਾਲ ਲਈ ਜਾਂਚ ਟੀਮ ਦਾ ਕੀਤਾ ਗਠਨ : ਥਾਣਾ ਮੁਖੀ
ਇਸੇ ਦੌਰਾਨ ਹੀ ਥਾਣਾ ਸਿਟੀ-1 ਦੇ ਮੁਖੀ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਮੋਗਾ ਵਾਸੀ ਚਰਨਾਮਤ ਸਿੰਘ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਲੋਂ ਕੁੱਟਮਾਰ ਕੀਤੀ ਗਈ ਹੈ ਅਤੇ ਇਸ ਦੀ ਵੀਡੀਓ ਵੀ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਟੀਮ ਦਾ ਗਠਨ ਕੀਤਾ ਹੈ ਅਤੇ ਉਸ ਵਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਨ ਦੇ ਨਾਲ-ਨਾਲ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਮਗਰੋਂ ਹੀ ਸੱਚਾਈ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਜਾਵੇਗੀ।