ਲੁਧਿਆਣਾ : ਰੇਤ ਮਾਫੀਆ ''ਤੇ ਛਾਪਾ ਮਾਰਨ ਗਈ ਮਾਈਨਿੰਗ ਟੀਮ ''ਤੇ ਹਮਲਾ
Wednesday, Aug 07, 2019 - 02:24 PM (IST)

ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਰਸੂਲਪੁਰ ਪਤੀ ਨੂਰਪੁਰ ਬੇਟ 'ਚ ਬੁੱਧਵਾਰ ਸਵੇਰੇ ਮਾਈਨਿੰਗ ਵਿਭਾਗ ਦੀ ਟੀਮ 'ਤੇ ਹਮਲਾ ਕਰ ਦਿੱਤਾ ਗਿਆ। ਅਸਲ 'ਚ ਮਾਈਨਿੰਗ ਵਿਭਾਗ ਦੀ ਟੀਮ ਗੈਰ ਕਾਨੂੰਨੀ ਰੇਤ ਦੇ ਕਾਰੋਬਾਰ 'ਤੇ ਛਾਪੇਮਾਰੀ ਕਰਨ ਗਈ ਸੀ, ਜਿਸ ਦੌਰਾਨ ਉਸ 'ਤੇ ਹਮਲਾ ਹੋ ਗਿਆ।
ਜਾਣਕਾਰੀ ਮੁਤਾਬਕ ਐੱਸ. ਡੀ. ਓ. ਬਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇੱਥੇ ਗੈਰ ਕਾਨੂੰਨੀ ਰੇਤ ਨਾਲ ਭਰੀਆਂ 4 ਟਰੈਕਟਰ-ਟਰਾਲੀਆਂ ਜ਼ਬਤ ਕਰ ਲਈਆਂ, ਜਿਸ ਤੋਂ ਬਾਅਦ ਨਾਜਾਇਜ਼ ਰੇਤ ਦੀ ਖੱਡ ਚਲਾਉਣ ਵਾਲਾ ਸ਼ਾਮ ਸਿੰਘ ਦੋਦਰੀਆ ਦਰਜਨ ਦੇ ਕਰੀਬ ਸਾਥੀਆਂ ਨਾਲ ਹਥਿਆਰਾਂ ਸਮੇਤ ਮੌਕੇ 'ਤੇ ਪੁੱਜਾ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਗੱਡੀ ਤੋੜ ਦਿੱਤੀ, ਨਾਲ ਹੀ ਉਨ੍ਹਾਂ 'ਤੇ ਹਮਲਾ ਵੀ ਕਰ ਦਿੱਤਾ, ਜਿਸ ਕਾਰਨ ਗੱਡੀ ਦਾ ਡਰਾਈਵਰ ਅਤੇ ਅਧਿਕਾਰੀ ਜ਼ਖਮੀਂ ਹੋ ਗਏ।
ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਲਲਕਾਰੇ ਮਾਰਦੇ ਹੋਏ ਫਰਾਰ ਹੋ ਗਏ।
ਫਿਲਹਾਲ ਮੌਕੇ 'ਤੇ ਪੁੱਜੀ ਥਾਣਾ ਲਾਡੋਵਾਲ ਦੀ ਪੁਲਸ ਨੇ ਜ਼ਖਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਨਾਲ ਹੀ ਪੁਲਸ ਵਲੋਂ ਸ਼ਾਮ ਸਿੰਘ ਦੋਦਰੀਆ ਸਮੇਤ ਉਸ ਦੇ ਸਾਥੀਆਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।