ਚੰਡੀਗੜ੍ਹ : 15 ਨੌਜਵਾਨਾਂ ਨੇ ਕਾਲਜ ਵਿਦਿਆਰਥੀਆਂ 'ਤੇ ਕੀਤਾ ਹਮਲਾ, ਕੁੜੀ ਵੀ ਜ਼ਖਮੀਂ

Saturday, Jul 28, 2018 - 04:27 PM (IST)

ਚੰਡੀਗੜ੍ਹ (ਮਨਮੋਹਨ) : ਸੈਕਟਰ-46 ਦੇ ਕਾਲਜ 'ਚੋਂ 6 ਸਾਲ ਪਹਿਲਾਂ ਪੜ੍ਹ ਕੇ ਨਿਕਲੇ ਕਰੀਬ 15 ਨੌਜਵਾਨਾਂ ਵਲੋਂ ਕਾਲਜ ਦੇ ਵਿਦਿਆਰਥੀਆਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਇਕ ਕੁੜੀ ਵੀ ਜ਼ਖਮੀਂ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਕਾਲਜ ਦੇ ਅੰਦਰ ਦੀ ਹੈ। ਕਾਲਜ ਦੀ ਕੰਟੀਨ 'ਚ ਪਰਦੀਪ ਕੁਮਾਰ ਨਾਂ ਦਾ ਵਿਦਿਆਰਥੀ ਆਪਣੇ ਦੋਸਤਾਂ ਨਾਲ ਬੈਠਾ ਹੋਇਆ ਸੀ। 
ਇਸੇ ਦੌਰਾਨ ਉਸ ਨੂੰ ਸੈਕਟਰ-52 ਦੇ ਰਹਿਣ ਵਾਲੇ ਸੋਹੇਲ ਖਾਨ ਨੇ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗਾ ਕਿ ਉਹ ਉਸ ਨੂੰ ਘੂਰ ਰਿਹਾ ਹੈ। ਇਸ ਤੋਂ ਬਾਅਦ ਸੋਹੇਲ ਨੇ ਆਪਣੇ 14 ਸਾਥੀਆਂ ਸਮੇਤ ਰੋਡ ਅਤੇ ਕੋਲਡਡ੍ਰਿੰਕ ਦੀਆਂ ਬੋਤਲਾਂ ਨਾਲ ਪਰਦੀਪ 'ਤੇ ਹਮਲਾ ਕਰ ਦਿੱਤਾ। ਪਰਦੀਪ ਨੂੰ ਬਚਾਉਣ ਆਏ ਉਸ ਦੇ ਦੋਸਤਾਂ ਨਾਲ ਵੀ ਉਕਤ ਨੌਜਵਾਨਾਂ ਨੇ ਚੰਗੀ ਕੁੱਟਮਾਰ ਕੀਤੀ। ਜਿਹੜੇ ਵਿਦਿਆਰਥੀ ਕੰਟੀਨ 'ਚੋਂ ਬਾਹਰ ਨਿਕਲ ਰਹੇ ਸਨ, ਉਨ੍ਹਾਂ ਨੂੰ ਵੀ ਜੰਮ ਕੇ ਕੁੱਟਿਆ ਗਿਆ। 
ਇਸ ਦੌਰਾਨ ਬੀ. ਏ. ਸੈਕਿੰਡ ਈਅਰ ਦੇ ਜਸਪ੍ਰੀਤ, ਪਰਦੀਪ ਸਿੰਘ, ਅਮਨਦੀਪ ਤੇ ਦੇਵ ਪ੍ਰਤਾਪ ਨੂੰ ਸੱਟਾਂ ਵੱਜ ਗਈਆਂ ਅਤੇ ਇਕ ਕੁੜੀ ਨੂੰ ਵੀ ਮਾਮੂਲੀ ਸੱਟ ਵੱਜੀ। ਸਾਰੇ ਜ਼ਖਮੀਆਂ ਨੂੰ ਸੈਕਟਰ-32 ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ। ਮੌਕੇ 'ਤੇ ਪੁੱਜੀ ਪੁਲਸ ਵਲੋਂ ਕੁੱਟਮਾਰ ਦੀ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚੋਂ ਹਾਸਲ ਕਰ ਲਈ ਗਈ ਹੈ। ਦੇਰ ਰਾਤ ਤੱਕ ਪੁਲਸ ਜ਼ਖਮੀਆਂ ਦੇ ਬਿਆਨ ਲੈ ਰਹੀ ਸੀ।


Related News