ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ’ਤੇ ਹਮਲਾ
Saturday, Dec 24, 2022 - 06:49 PM (IST)
ਜਲਾਲਾਬਾਦ (ਸੁਨੀਲ ਨਾਗਪਾਲ, ਨਿਖੰਜ) : ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੁਲਸ ਨੇ 3 ਲੋਕਾਂ ਖ਼ਿਲਾਫ ਬਾਏ ਨੇਮ ਅਤੇ 10 ਤੋਂ 15 ਅਣਪਛਾਤਿਆਂ ਖ਼ਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਚੱਕ ਜਾਨੀਸਰ ਵਿਖੇ ਵਿਕਾਸ ਦੇ ਕੰਮਾਂ ਸਬੰਧੀ ਪਿੰਡ ਅੰਦਰ ਲਗਾਏ ਕੈਂਪ ਦੌਰਾਨ ਗੰਦੇ ਪਾਣੀ ਵਾਲੇ ਛੱਪੜ ਦੀ ਤਰਸਯੋਗ ਹਾਲਤ ਦੀ ਸ਼ਿਕਾਇਤ ਮਿਲਣ ’ਤੇ ਵਿਧਾਇਕ ਚੈਕਿੰਗ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਦੋਸ਼ ਹੈ ਕਿ ਕੁੱਝ ਅਕਾਲੀ ਵਰਕਰਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋ ਗਈ ਅਤੇ ਬਾਅਦ ਵਿਚ ਗੱਲ ਇੰਨੀ ਵੱਧ ਗਈ ਕਿ ਦੋਵਾਂ ਧਿਰਾਂ ਵਿਚਾਲੇ ਇੱਟਾਂ-ਰੋੜੇ ਚੱਲ ਪਏ। ਦੱਸਿਆ ਜਾ ਰਿਹਾ ਕਿ ਇਸ ਦੌਰਾਨ ਵਿਧਾਇਕ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚ ਹੁਣ ਜਲਾਲਾਬਾਦ ਦੇ ਥਾਣਾ ਵੈਰੋਕਾ ਪੁਲਸ ਨੇ ਧਾਰਾ 307 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : 11 ਲੱਖ ਪੰਜਾਬੀਆਂ ’ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਹੈਰਾਨ ਕਰ ਦੇਵੇਗੀ ਇਹ ਰਿਪੋਰਟ
ਇਸ ਘਟਨਾਂ ’ਚ ਪਿੰਡ ਦੀ ਪੰਚਾਇਤ ਦਾ ਮੌਜੂਦਾ ਮੈਂਬਰ ਨਿਸ਼ਾਨ ਸਿੰਘ ਜ਼ਖ਼ਮੀ ਹੋ ਗਿਆ। ਜਿਸ ਨੂੰ ਜ਼ਖ਼ਮੀ ਹਾਲਤ ਵਿਚ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ । ਹਸਪਤਾਲ ’ਚ ਇਲਾਜ ਅਧੀਨ ਜ਼ਖ਼ਮੀ ਮੈਂਬਰ ਪੰਚਾਇਤ ਨਿਸ਼ਾਨ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਥਾਣਾ ਵੈਰੋ ਕਾ ਦੇ ਤਫ਼ਤੀਸ਼ੀ ਅਧਿਕਾਰੀ ਪ੍ਰਿਤਪਾਲ ਸਿੰਘ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਬੀਤੇ ਦਿਨੀਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਵਿਕਾਸ ਦੇ ਕੰਮਾਂ ਸਬੰਧੀ ਪਿੰਡ ਕੈਂਪ ਲਗਾਇਆ ਗਿਆ ਸੀ ਅਤੇ ਜਿਥੇ ਕਿ ਪਿੰਡ ਦੇ ਕਈ ਵਸਨੀਕ ਆਏ ਹੋਏ ਸਨ ਜਿਨ੍ਹਾਂ ਨੇ ਵਿਧਾਇਕ ਨੂੰ ਪਿੰਡ ਦੇ ਗੰਦੇ ਪਾਣੀ ਵਾਲੇ ਛੱਪੜ ਦੇ ਮਾੜੇ ਹਾਲ ਬਾਰੇ ਜਾਣੂ ਕਰਵਾਇਆ ਤੇ ਕਿਹਾ ਕਿ ਕਿਸੇ ਵੀ ਪੰਚਾਇਤ ਨੇ ਛੱਪੜ ਵੱਲ ਧਿਆਨ ਨਹੀ ਦਿੱਤਾ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਹੋਟਲ ’ਚ ਮ੍ਰਿਤਕ ਮਿਲੇ ਕੁੜੀ-ਮੁੰਡਾ, ਸੀ. ਸੀ. ਟੀ. ਵੀ. ਵੀਡੀਓ ਵੀ ਆਈ ਸਾਹਮਣੇ
ਇਸ ਕੈਂਪ ਉਪਰੰਤ ਲੋਕਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਪਿੰਡ ਦੇ ਛੱਪੜ ਦੀ ਚੈਕਿੰਗ ਕਰਨ ਲਈ ਵਿਧਾਇਕ ਦੇ ਨਾਲ ਮੇਰੇ ਸਮੇਤ ਹੋਰ ਪਿੰਡ ਵਾਸੀ ਵੀ ਚੱਲ ਗਏ ਤਾਂ ਪਹਿਲਾ ਤੋਂ ਮੌਜੂਦ ਜਸਵਿੰਦਰ ਸਿੰਘ ਵਾਸੀ ਚੱਕ ਜਾਨੀਸਰ ਨੇ ਮੈਨੂੰ ਜਾਤੀਸੂਚਕ ਸ਼ਬਦ ਬੋਲੇ ਤੇ ਲਲਕਾਰਾ ਮਾਰਿਆ ਕਿ ਤੂੰ ਕੌਣ ਹੁੰਦਾ ਛੱਪੜ ਦਾ ਕੰਮ ਕਰਵਾਉਣ ਵਾਲਾ ਤਾਂ ਉਸ ਦੇ ਸਮੇਤ ਉਸ ਦੇ ਸਾਥੀਆਂ ਨੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ । ਤਫ਼ਤੀਸ਼ੀ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਵਿਅਕਤੀ ਜਸਵਿੰਦਰ ਸਿੰਘ, ਜਗਦੀਪ ਸਿੰਘ ਅਤੇ ਹਰਬੰਸ ਲਾਲ ਸਣੇ 10/15 ਅਣਪਛਾਤੇ ਵਿਅਕਤੀਆਂ ਵਿਰੁੱਧ ਅਧੀਨ ਧਾਰਾ 307 ਸਮੇਤ ਜਾਤੀਸੂਚਕ ਸ਼ਬਦ ਬੋਲਣ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਚਾਚੇ ਨੇ ਭਤੀਜੇ ਨੂੰ ਦਿੱਤੀ ਦਿਲ ਕੰਬਾਊ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।