ਬਠਿੰਡਾ: ਰਾਮਲੀਲਾ ਵੇਖ ਰਹੇ ਲੋਕਾਂ 'ਤੇ ਸ਼ਰਾਬੀ ਨੌਜਵਾਨਾਂ ਵੱਲੋਂ ਤਲਵਾਰਾਂ ਨਾਲ ਹਮਲਾ, ਪ੍ਰਧਾਨ ਦਾ ਵੱਢਿਆ ਹੱਥ
Saturday, Oct 02, 2021 - 11:58 AM (IST)
ਬਠਿੰਡਾ (ਵਰਮਾ) : ਵੀਰਵਾਰ ਰਾਤ ਕਰੀਬ 11.30 ਵਜੇ ਰਾਮਲੀਲਾ ਦੇਖ ਰਹੇ ਲੋਕਾਂ ’ਤੇ ਅਚਾਨਕ 100-150 ਨੌਜਵਾਨਾਂ ਨੇ ਹਮਲਾ ਕਰ ਦਿੱਤਾ ਅਤੇ ਦਰਸ਼ਕਾਂ ਸਮੇਤ ਪ੍ਰਬੰਧਕਾਂ ’ਤੇ ਤਲਵਾਰਾਂ ਚਲਾ ਦਿੱਤੀਆਂ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਰਹੇ, ਇੱਥੋਂ ਤਕ ਕਿ ਬੱਚਿਆਂ ਅਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ।
ਇਹ ਵੀ ਪੜ੍ਹੋ : 800 ਨਵੀਆਂ ਸਰਕਾਰੀ ਬੱਸਾਂ ਜਲਦੀ ਸੜਕਾਂ ’ਤੇ ਦੌੜਣਗੀਆਂ : ਰਾਜਾ ਵੜਿੰਗ
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਸਾਰੇ ਲੋਕ ਨਸ਼ੇ ਵਿਚ ਸਨ, ਜਿਨ੍ਹਾਂ ਨੇ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਹਮਲਾ ਕੀਤਾ। ਅਨਾਜ ਮੰਡੀ ਵਿਚ ਚੱਲ ਰਹੀ ਰਾਮਲੀਲਾ ਦਾ ਅੱਜ ਦੂਜਾ ਦਿਨ ਸੀ ਅਤੇ ਤਾੜਕਾ ਦਾ ਦ੍ਰਿਸ਼ ਦਿਖਾਇਆ ਜਾ ਰਿਹਾ ਸੀ, ਉਸ ਦੌਰਾਨ ਨੌਜਵਾਨਾਂ ਨੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ। ਪ੍ਰਬੰਧਕਾਂ ਅਨੁਸਾਰ ਘੋਲੂ ਨਾਂ ਦਾ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਤਾੜਕਾ ਦੀ ਭੂਮਿਕਾ ਨਿਭਾਅ ਰਿਹਾ ਸੀ ਪਰ ਉਸ ਦੀਆਂ ਬੁਰੀਆਂ ਆਦਤਾਂ ਕਾਰਨ ਪ੍ਰਬੰਧਕਾਂ ਨੂੰ ਇਸ ਵਾਰ ਇਹ ਰੋਲ ਸਾਹਿਲ ਨਾਂ ਦੇ ਮੁੰਡੇ ਨੂੰ ਦੇਣਾ ਪਿਆ। ਘੋਲੂ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਉਸ ਨੂੰ ਭੂਮਿਕਾ ਕਿਉਂ ਨਹੀਂ ਦਿੱਤੀ ਗਈ, ਜਿਵੇਂ ਹੀ ਸਾਹਿਲ ਸਟੇਜ ’ਤੇ ਆਉਣ ਲਈ ਤਿਆਰ ਹੋਇਆ ਤਾਂ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸਾਹਿਲ ਨੂੰ ਵੀ ਅਗਵਾ ਕਰ ਲਿਆ ਤਾਂ ਜੋ ਉਹ ਆਪਣਾ ਦ੍ਰਿਸ਼ ਨਾ ਦਿਖਾ ਸਕੇ।
ਇਹ ਵੀ ਪੜ੍ਹੋ : ਸਿੱਧੂ ਦੇ ਸਮਰਥਨ 'ਚ ਰਜ਼ੀਆ ਸੁਲਤਾਨਾ ਵੱਲੋਂ ਦਿੱਤੇ ਅਸਤੀਫ਼ੇ ਨੂੰ ਲੈ ਕੇ ਦਵੰਦ ਬਰਕਰਾਰ
ਪਿਛਲੇ ਕਈ ਦਹਾਕਿਆਂ ਤੋਂ ਪ੍ਰਧਾਨ ਮਹਿੰਦਰ ਕੁਮਾਰ ਅਤੇ ਚੇਅਰਮੈਨ ਸਤੀਸ਼ ਬੱਬੂ ਦੀ ਨਿਗਰਾਨੀ ਹੇਠ ਦਾਣਾ ਮੰਡੀ ਵਿਚ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ। ਸਤੀਸ਼ ਬੱਬੂ ਨੇ ਦੱਸਿਆ ਕਿ ਹਮਲਾਵਰਾਂ ਨੇ ਤਲਵਾਰ ਨਾਲ ਪ੍ਰਧਾਨ ਮਹਿੰਦਰ ਕੁਮਾਰ ਦਾ ਹੱਥ ਵੱਢ ਦਿੱਤਾ।ਹਮਲਾਵਰਾਂ ਨੇ ਤਲਵਾਰਾਂ ਨਾਲ 100-150 ਕੁਰਸੀਆਂ ਤਲਵਾਰਾਂ ਨਾਲ ਤੋੜ ਦਿੱਤੀਆਂ। ਤਲਵਾਰਾਂ ਅਤੇ ਲਾਠੀਆਂ ਲਹਿਰਾਉਂਦੇ ਹੋਏ, ਜਿਵੇਂ ਹੀ ਨੌਜਵਾਨ ਦਰਸ਼ਕਾਂ ਦੀ ਗੈਲਰੀ ਵੱਲ ਵਧੇ, ਦਹਿਸ਼ਤ ਨਾਲ ਭਗਦੜ ਮਚ ਗਈ। ਹਮਲਾਵਰਾਂ ਨੇ ਬੱਚਿਆਂ, ਔਰਤਾਂ ਸਮੇਤ ਹੋਰ ਦਰਸ਼ਕਾਂ ਨੂੰ ਵੀ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ : ਮਮਦੋਟ ਥਾਣੇ ’ਚ ਗੋਲੀ ਲੱਗਣ ਨਾਲ ਏ.ਐੱਸ.ਆਈ. ਦੀ ਸ਼ੱਕੀ ਹਾਲਾਤ ’ਚ ਮੌਤ, ਕਤਲ ਦਾ ਖ਼ਦਸ਼ਾ
ਪ੍ਰਬੰਧਕ ਕਮੇਟੀ ਨੇ ਇਸ ਘਟਨਾ ਬਾਰੇ ਐੱਸ. ਐੱਸ. ਪੀ. ਅਜੇ ਮਾਲੂਜਾ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਜਾਂਚ ਦੀ ਜ਼ਿੰਮੇਵਾਰੀ ਡੀ.ਐੱਸ.ਪੀ. ਸਿਟੀ ਨੂੰ ਦਿੱਤੀ। ਪੁਲਸ ਨੇ 100 ਤੋਂ ਵੱਧ ਅਣਪਛਾਤੇ ਲੋਕਾਂ ਦੇ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ।ਇਸ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾਈ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਘਟਨਾ ਦੌਰਾਨ ਪੁਲਸ ਦਰਸ਼ਕ ਬਣੀ ਰਹੀ, ਜਦਕਿ ਹਮਲਾਵਰ ਲੋਕਾਂ ਨੂੰ ਕੁੱਟਦੇ ਰਹੇ।ਭਾਰਤੀ ਜਨਤਾ ਪਾਰਟੀ ਦੇ ਸੂਬਾਈ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਜੇਕਰ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਭਾਜਪਾ ਸੜਕਾਂ ’ਤੇ ਉਤਰੇਗੀ।ਭਾਜਪਾ ਦੇ ਸੂਬਾਈ ਮੀਡੀਆ ਇੰਚਾਰਜ ਸੁਨੀਲ ਸਿੰਗਲਾ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਗੁੰਡਾ ਅਨਸਰਾਂ ਦੇ ਹੌਂਸਲੇ ਵਧ ਗਏ ਹਨ।
ਇਹ ਵੀ ਪੜ੍ਹੋ : ਅਸਤੀਫ਼ੇ ਮਗਰੋਂ ਕੈਪਟਨ ਦੀਆਂ ਕਾਰਵਾਈਆਂ ਤੋਂ ਕਿਸਾਨ ਆਗੂ ਨਾਖ਼ੁਸ਼, ਲਾਏ ਵੱਡੇ ਇਲਜ਼ਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ