IPL ਮੈਚ ਦੇ ਪੈਸੇ ਨਾ ਦੇਣ ਕਾਰਨ ਬਾਬਾ ਆਰਕੈਸਟਰਾ ਦੇ ਮਾਲਕ ''ਤੇ ਹਮਲਾ
Wednesday, Jun 27, 2018 - 06:44 AM (IST)
ਜਲੰਧਰ, (ਮ੍ਰਿਦੁਲ)- ਥਾਣਾ ਨੰ. 4 ਅਧੀਨ ਆਉਂਦੇ ਮਖਦੂਮਪੁਰਾ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬਾਬਾ ਆਰਕੈਸਟਰਾ ਦੇ ਮਾਲਕ ਰਾਜਿੰਦਰ ਉਰਫ ਬਾਬਾ 'ਤੇ ਕੁਝ ਸ਼ਰਾਰਤੀ ਅਨਸਰਾਂ ਨੇ ਆਈ. ਪੀ. ਐੱਲ. ਮੈਚ ਦੇ ਪੈਸੇ ਦੇ ਲੈਣ-ਦੇਣ ਕਾਰਨ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਉਸ ਨੂੰ ਬੰਦੀ ਬਣਾ ਕੇ ਕੁੱਟਿਆ ਗਿਆ। ਇਸ ਤੋਂ ਬਾਅਦ ਇਕ ਵਿਅਕਤੀ ਨੇ ਆ ਕੇ ਉਸ ਦਾ ਬਚਾਅ ਕੀਤਾ। ਮਾਮਲੇ ਸਬੰਧੀ ਜ਼ਖ਼ਮੀ ਬਾਬਾ ਨੇ ਸਿਵਲ ਹਸਪਤਾਲ ਵਿਚ ਐੱਮ. ਐੱਲ. ਆਰ. ਕਟਵਾ ਲਈ ਹੈ ਤੇ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।
ਪੀੜਤ ਰਾਜਿੰਦਰ ਬਾਬਾ ਨੇ ਦੱਸਿਆ ਕਿ ਉਸ ਨੇ ਇਕ ਵਿਅਕਤੀ ਤੋਂ ਆਈ. ਪੀ. ਐੱਲ. ਮੈਚਾਂ ਦੌਰਾਨ ਪੰਟਰੀ ਕੀਤੀ ਸੀ, ਜਿਸ ਸਬੰਧੀ ਕਰੀਬ ਦੋ ਮਹੀਨੇ ਤੋਂ ਪੈਸਿਆਂ ਦੇ ਲੈਣ-ਦੇਣ ਕਾਰਨ ਸ਼ਹਿਰ ਦੇ ਇਕ ਨਾਮੀ ਵਿਅਕਤੀ ਨੇ ਉਸ ਨੂੰ ਫੰਕਸ਼ਨ ਬੁੱਕ ਕਰਵਾਉਣ ਲਈ ਬੁਲਾਇਆ। ਇਸ ਬਹਾਨੇ ਉਸ ਨੂੰ ਬੁਲਾ ਕੇ 5 ਲੋਕਾਂ ਨੇ ਬੰਦੀ ਬਣਾ ਕੇ ਕੁੱਟਿਆ। ਉਨ੍ਹਾਂ ਨੇ ਉਸ ਨੂੰ ਅੱਜ ਸ਼ਾਮ ਨੂੰ ਫੋਨ ਕੀਤਾ ਤੇ ਉਹ ਮਖਦੂਮਪੁਰਾ ਚਲਾ ਗਿਆ, ਜਿਥੇ ਉਸ 'ਤੇ ਉਕਤ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਉਥੇ ਮੌਜੂਦ ਇਕ ਨੌਜਵਾਨ ਨੇ ਉਸ ਨੂੰ ਛੁਡਵਾਇਆ। ਓਧਰ ਦੂਜੇ ਪਾਸੇ ਏ. ਐੱਸ. ਆਈ. ਅਰੁਣ ਕੁਮਾਰ ਦਾ ਕਹਿਣਾ ਹੈ ਕਿ ਅਜੇ ਤੱਕ ਪੀੜਤ ਧਿਰ ਨੇ ਉਨ੍ਹਾਂ ਨੂੰ ਬਿਆਨ ਨਹੀਂ ਦਿੱਤੇ ਹਨ। ਜਾਂਚ ਕੀਤੀ ਜਾ ਰਹੀ ਹੈ।
