ATM ਕਾਰਡ ਬਦਲ ਕੇ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫਤਾਰ

Monday, Feb 01, 2021 - 10:16 PM (IST)

ਦੋਰਾਹਾ, (ਵਿਨਾਇਕ)- ਦੋਰਾਹਾ ਪੁਲਸ ਨੇ ਐੱਸ. ਐੱਚ. ਓ. ਨਛੱਤਰ ਸਿੰਘ ਦੀ ਅਗਵਾਈ ’ਚ ਏ. ਟੀ. ਐੱਮ. ਕਾਰਡ ਬਦਲ ਕੇ ਜਾਂ ਧੋਖੇ ਨਾਲ ਕਾਰਡਾਂ ਦੇ ਕਲੋਨ ਤਿਆਰ ਕਰ ਕੇ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਕਢਵਾਉਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਸਰਗਣੇ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਕਥਿਤ ਦੋਸ਼ੀਆਂ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਜੀਲੋ ਸਿੰਘ ਵਾਸੀ ਪਿੰਡ ਹਰਿਆਣਾ (ਮੁੱਖ ਮੁਲਜ਼ਮ) ਅਤੇ ਬੰਟੀ ਪੁੱਤਰ ਸੁਭਾਸ਼ ਵਾਸੀ ਹਰਿਆਣਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਨਛੱਤਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਬਰਜਿੰਦਰ ਸਿੰਘ, ਪੁਲਸ ਪਾਰਟੀ ਸਮੇਤ ਰਾਜਵੰਤ ਹਸਪਤਾਲ ਸਾਹਮਣੇ ਜੀ.ਟੀ ਰੋਡ ਵਿਖੇ ਮੌਜੂਦ ਸੀ। ਇਸ ਦੌਰਾਨ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕੁਲਦੀਪ ਸਿੰਘ ਅਤੇ ਬੰਟੀ ਜੋ ਕਿ ਭੋਲੇ ਭਾਲੇ ਲੋਕਾਂ ਦੇ ਵੱਖ-ਵੱਖ ਬੈਂਕਾਂ ਦੇ ਏ. ਟੀ. ਐੱਮ. ਕਾਰਡ ਚੋਰੀ ਕਰਕੇ, ਬਦਲ ਕੇ, ਡਾਟਾ ਚੋਰੀ ਕਰਕੇ ਜਾਂ ਧੋਖੇ ਨਾਲ ਕਾਰਡਾਂ ਦੇ ਕਲੋਨ ਤਿਆਰ ਕਰ ਕੇ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਖਾਤਿਆਂ ’ਚੋਂ ਕਢਵਾਉਣ ਵਾਲੇ ਅੱਜ ਹਰਿਆਣਾ ਤੋਂ ਲੁਧਿਆਣਾ ਜਾ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਵਲੋਂ ਸਪੈਸ਼ਲ ਨਾਕਾਬੰਦੀ ਕਰਕੇ ਸ਼ੱਕੀ ਵਾਹਨਾ ਦੀ ਸਖ਼ਤ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਖੰਨਾ ਸਾਇਡ ਤੋਂ ਇਕ ਕਾਰ ਆਈ, ਜਿਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਕਥਿਤ ਦੋਸ਼ੀਆਂ ਪਾਸੋਂ 20 ਏ. ਟੀ. ਐੱਮ. ਕਾਰਡ, 2 ਮੋਬਾਇਲ ਅਤੇ 2 ਡਿਵਾਇਸ ਬਰਾਮਦ ਹੋਏ। ਦੋਰਾਹਾ ਪੁਲਸ ਨੇ ਕਥਿਤ ਦੋਸ਼ੀਆਂ ਖਿਲਾਫ ਥਾਣਾ ਦੋਰਾਹਾ ਵਿਖੇ ਮੁਕੱਦਮਾ ਦਰਜ ਕਰਨ ਉਪਰੰਤ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਇਨ੍ਹਾਂ ਤੋਂ ਹੋਰ ਕੀਤੀਆਂ ਵਾਰਦਾਤਾਂ ਅਤੇ ਗਿਰੋਹ ਦੇ ਹੋਰ ਸਾਥੀਆਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਪੂਰਨ ਸੰਭਾਵਨਾ ਹੈ।

ਜਾਗਰੂਕ ਰਹਿਣ ਲੋਕ : ਐੱਸ. ਐੱਚ. ਓ.
ਦੋਰਾਹਾ ਥਾਣਾ ਦੇ ਐੱਸ. ਐੱਚ. ਓ. ਨਛੱਤਰ ਸਿੰਘ ਨੇ ਦੱਸਿਆ ਕਿ ਦਰਅਸਲ, ਨੌਸਰਬਾਜ਼ 2 ਤਰੀਕਿਆਂ ਨਾਲ ਉਪਭੋਗਤਾ ਦੇ ਖਾਤੇ ਤੋਂ ਨਕਦੀ ਕੱਢ ਕੇ ਠੱਗੀ ਮਾਰ ਸਕਦੇ ਹਨ। ਪਹਿਲਾਂ ਉਹ ਏ. ਟੀ. ਐੱਮ. ਧੋਖੇ ਨਾਲ ਕਾਰਡ ਬਦਲ ਲੈਂਦੇ ਹਨ ਅਤੇ ਦੂਜਾ ਜਦ ਉਹ ਆਪਣੇ-ਆਪਣੇ ਕਾਰਡ ਤੋਂ ਕਿਸੇ ਇਸ ਤਰ੍ਹਾਂ ਦੀ ਜਗਾ ਭੁਗਤਾਨ ਕਰਦੇ ਹਨ, ਜਿੱਥੇ ਕਾਰਡ ਸਵੈਪ ਕਰਨ ਵਾਲਾ ਬਹਾਨਾ ਬਣਾ ਕੇ ਕਾਰਡ ਚੰਦ ਪਲਾਂ ਲਈ ਅੱਖਾਂ ਤੋਂ ਦੂਰ ਲੈ ਕੇ ਜਾਂਦਾ ਹੈ, ਜਿਸ ਦੇ ਲਈ ਉਹ ਮਸ਼ੀਨ ਖਰਾਬ ਹੋਣ ਦਾ ਬਹਾਨਾ ਜ਼ਿਆਦਾ ਬਣਾਉਂਦੇ ਹਨ। ਜਿਵੇਂ ਹੀ ਉਪਭੋਗਤਾ ਦੀ ਨਜ਼ਰ ਹੱਟਦੀ ਹੈ, ਉਹ ਕਾਰਡ ਨੂੰ ਇਸ ਤ੍ਹਾਂ ਦੀ ਮਸ਼ੀਨ ’ਚ ਸਵੈਪ ਕਰਦੇ ਹਨ, ਜਿਸ ਨਾਲ ਕਾਰਡ ਦਾ ਕਲੋਨ ਆਸਾਨੀ ਨਾਲ ਤਿਆਰ ਹੋ ਜਾਵੇ।


Bharat Thapa

Content Editor

Related News