ਏ. ਟੀ. ਐੱਮ. ਕਾਰਡ ਰਾਹੀਂ ਠੱਗੀ ਕਰਨ ਦੇ ਮਾਮਲੇ ''ਚ ਪੁਲਸ ਦੀ ਵੱਡੀ ਪ੍ਰਾਪਤੀ

Sunday, Sep 22, 2019 - 06:34 PM (IST)

ਏ. ਟੀ. ਐੱਮ. ਕਾਰਡ ਰਾਹੀਂ ਠੱਗੀ ਕਰਨ ਦੇ ਮਾਮਲੇ ''ਚ ਪੁਲਸ ਦੀ ਵੱਡੀ ਪ੍ਰਾਪਤੀ

ਸ਼ੇਰਪੁਰ (ਅਨੀਸ਼) : ਨਕਲੀ ਏ. ਟੀ. ਐੱਮ. ਕਾਰਡ ਤਿਆਰ ਕਰਕੇ ਲੋਕਾਂ ਦੇ ਖਾਤਿਆਂ 'ਚੋਂ ਪੈਸੇ ਆਪਣੇ ਖਾਤਿਆਂ 'ਚ ਪਾਉਣ ਵਾਲੇ ਬਿਹਾਰ ਵਾਸੀ ਮੋਹਿਤ ਰਾਜ ਅਤੇ ਬਰਨਾਲਾ ਜ਼ਿਲੇ ਦੇ ਪਿੰਡ ਠੀਕਰੀਵਾਲ ਦੇ ਗੁਰਮੀਤ ਸਿੰਘ ਦਾ ਪੁਲਸ ਨੇ 5 ਦਿਨਾਂ ਦਾ ਰਿਮਾਂਡ ਲਿਆ ਹੈ। ਮੁੱਢਲੀ ਪੜਤਾਲ ਦੌਰਾਨ ਬਿਹਾਰ 'ਚ ਸ਼ਿਕਾਰ ਬਣਾਏ ਲੋਕਾਂ ਤੋਂ ਹਥਿਆਈ ਤਕਰੀਬਨ 50 ਲੱਖ ਦੀ ਰਾਸ਼ੀ ਵੀ ਪੁਲਸ ਦੇ ਰਾਡਾਰ 'ਤੇ ਆ ਗਈ ਹੈ, ਜਿਸ ਸਬੰਧੀ ਪੁਲਸ ਟੀਮ ਬਿਹਾਰ ਰਵਾਨਾ ਹੋਵੇਗੀ।

ਆਏ ਦਿਨ ਲਗਾਤਾਰ ਏ. ਟੀ. ਐੱਮ. 'ਚੋਂ ਰਾਸ਼ੀ ਨਿਕਲਣ ਕਾਰਣ ਪ੍ਰੇਸ਼ਾਨ ਹੋ ਰਹੇ ਲੋਕਾਂ ਲਈ ਪਟਿਆਲਾ ਪੁਲਸ ਮਗਰੋਂ ਹੁਣ ਸ਼ੇਰਪੁਰ ਪੁਲਸ ਦੀ ਇਹ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਖੇੜੀ ਖੁਰਦ ਦੀ ਸੁਖਦੀਪ ਕੌਰ ਦੇ ਖਾਤੇ 'ਚੋਂ 20 ਹਜ਼ਾਰ, ਜਰਨੈਲ ਸਿੰਘ ਖਾਤੇ 'ਚੋਂ 70 ਹਜ਼ਾਰ, ਕਰਨੈਲ ਸਿੰਘ ਟਿੱਬਾ ਦੇ ਖਾਤੇ 'ਚੋਂ 22,300, ਦਲਵੀਰ ਸਿੰਘ ਸ਼ੇਰਪੁਰ ਦੇ ਖਾਤੇ 'ਚੋਂ 35 ਹਜ਼ਾਰ, ਜਸਵੀਰ ਸਿੰਘ ਬਾਦਸ਼ਾਹਪੁਰ ਦੇ ਖਾਤੇ 'ਚੋਂ 10,000, ਸੁਖਾਨੰਦ ਸ਼ੇਰਪੁਰ ਦੇ ਖਾਤੇ 'ਚੋਂ 29 ਹਜ਼ਾਰ, ਗੋਪਾਲ ਕਾਲਾਬੂਲਾ ਦੇ ਖਾਤੇ 'ਚੋਂ 23 ਹਜ਼ਾਰ ਨਿਕਲੇ ਸਨ।

ਇਹ ਲੋਕ ਮੁਲਜ਼ਮਾਂ ਦੇ ਗ੍ਰਿਫਤਾਰ ਹੋਣ ਮਗਰੋਂ ਪੁਲਸ ਕੋਲ ਪਹੁੰਚ ਕਰ ਰਹੇ ਹਨ। ਐੱਸ. ਐੱਚ. ਓ. ਸ਼ੇਰਪੁਰ ਰਮਨਦੀਪ ਸਿੰਘ ਨੇ ਮੁਲਜ਼ਮਾਂ ਦੇ 5 ਰੋਜ਼ਾ ਰਿਮਾਂਡ 'ਤੇ 50 ਲੱਖ ਦੀ ਠੱਗੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਸ ਟੀਮ ਬਿਹਾਰ 'ਚ ਜਾ ਕੇ ਮਾਮਲੇ ਦੀ ਪੜਤਾਲ ਕਰੇਗੀ। ਪੜਤਾਲ ਸਬੰਧੀ ਹੋਰ ਵੇਰਵੇ ਨਸ਼ਰ ਕਰਨ ਤੋਂ ਨਾ ਕਰਦਿਆਂ ਕਿਹਾ ਕਿ ਹੈਰਾਨੀਜਨਕ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮਾਮਲੇ 'ਚ ਲੋੜੀਂਦੇ ਬਾਦਲ ਸਿੰਘ ਠੀਕਰੀਵਾਲਾ 'ਤੇ ਸਦਰ ਬਰਨਾਲਾ, ਸਿਟੀ ਬਰਨਾਲਾ ਅਤੇ ਘੱਲ ਖੁਰਦ 'ਚ ਪਰਚੇ ਦਰਜ ਹਨ।


author

Gurminder Singh

Content Editor

Related News