ਲੁਧਿਆਣਾ ''ਚ ਏ. ਟੀ. ਐੱਮ. ਰਾਹੀਂ ਠੱਗੀ ਮਾਰਨ ਵਾਲਾ ਵੱਡਾ ਗਿਰੋਹ ਕਾਬੂ, ਬਰਾਮਦ ਹੋਏ 641 ਏ. ਟੀ. ਐੱਮ. ਕਾਰਡ
Sunday, Aug 20, 2017 - 04:01 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਪੁਲਸ ਨੇ ਏ. ਟੀ. ਐੱਮ. ਕਾਰਡਾਂ ਰਾਹੀਂ ਬੈਕਾਂ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਵੱਖ-ਵੱਖ ਬੈਂਕਾਂ ਦੇ 641 ਏ. ਟੀ. ਐੱਮ. ਕਾਰਡ, ਚੈੱਕ ਅਤੇ ਪਾਸ ਬੁੱਕ, ਤਿੰਨ ਕਾਰਾਂ, ਅੱਠ ਮੋਬਾਇਲ ਫੋਨ, ਤਿੰਨ ਲੱਖ ਰੁਪਏ ਨਕਦੀ, ਇਕ ਰਿਵਾਲਵਰ, 7 ਜਿੰਦਾ ਕਾਰਤੂਸ, 5 ਖੋਲ, ਸਮਚਾਰ ਪੱਤਰਾਂ ਦੀ ਮਿਆਦ ਖਤਮ ਹੋਏ ਤਿੰਨ ਪ੍ਰੈਸ ਕਾਰਡ ਬਰਾਮਦ ਕੀਤੇ ਹਨ।
ਪੁਲਸ ਕਮਿਸ਼ਨਰ ਆਰ. ਐੱਲ. ਢੋਕੇ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਪੰਕਜ ਕੁਮਾਰ, ਜੋਨੀ ਗੋਇਲ, ਸਤੀਸ਼ ਅਗਰਵਾਲ, ਵਿਜੇ ਗਰਗ ਅਤੇ ਰਾਜੇਸ਼ ਕੁਮਾਰ ਦੇ ਰੂਪ ਵਿਚ ਹੋਈ ਹੈ। ਦੋਸ਼ੀ ਆਪਣੇ ਵਰਕਰਾਂ, ਰਿਸ਼ਤੇਦਾਰਾਂ ਨੂੰ ਭਰੋਸੇ ਵਿਚ ਲੈ ਕੇ ਵੱਖ-ਵੱਖ ਬੈਕਾਂ ਵਿਚ ਖਾਤਾ ਖੁਲਵਾਉਂਦੇ ਸਨ ਅਤੇ ਉਨ੍ਹਾਂ ਦੇ ਏ. ਟੀ. ਐੱਮ. ਕਾਰਡ ਅਤੇ ਪਾਸਵਰਡ ਲੈ ਕੇ ਉਸ ਵਿਚ ਪਹਿਲਾਂ ਪੈਸਾ ਜਮਾਂ ਕਰਵਾਉਂਦੇ ਸਨ ਅਤੇ ਫਿਰ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਸਮੇਂ ਬੜੀ ਹੀ ਚੁਸਤੀ ਨਾਲ ਪੈਸੇ ਕਢਵਾਉਣ ਸਮੇਂ ਏ. ਟੀ. ਐੱਮ. ਮਸ਼ੀਨ ਨੂੰ ਬੰਦ ਕਰ ਦਿੰਦੇ ਸਨ। ਜਿਸ ਨਾਲ ਏ. ਟੀ. ਐੱਮ. 'ਚੋਂ ਪੈਸੇ ਤਾਂ ਨਿਕਲ ਆਉਂਦੇ ਸਨ ਪਰ ਐਂਟਰੀ ਨਹੀਂ ਹੁੰਦੀ ਸੀ। ਇਸ 'ਤੇ ਇਹ ਬੈਂਕ ਨੂੰ ਸ਼ਿਕਾਇਤ ਕਰਕੇ ਦੋਬਾਰਾ ਪੈਸੇ ਅਕਾਊਂਟ 'ਚ ਪਵਾ ਲੈਂਦੇ ਸਨ। ਪੁਲਸ ਮੁਤਾਬਕ ਇਸ ਤਰ੍ਹਾਂ ਇਸ ਗਿਰੋਹ ਨੇ ਲੱਖਾਂ ਰੁਪਏ ਦੀ ਧੋਖਾਧੜੀ ਕਰਕੇ ਜ਼ਮੀਨਾਂ ਅਤੇ ਗੱਡੀਆਂ ਖਰੀਦੀਆਂ ਹੋਈਆਂ ਹਨ। ਪੁਲਸ ਮੁਤਾਬਕ ਪੁੱਛਗਿੱਛ ਦੌਰਾਨ ਦੋਸ਼ੀਆਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
