ਸਰਾਈਂ ਪਿੰਡ ''ਚ ਪਾਣੀ ਦੀ ਨਹੀਂ ਹੋ ਰਹੀ ਨਿਕਾਸੀ
Saturday, Aug 19, 2017 - 02:23 AM (IST)
ਹੁਸ਼ਿਆਰਪੁਰ, (ਘੁੰਮਣ)- ਜ਼ਿਲੇ ਦੇ ਪਿੰਡ ਸਰਾਈਂ 'ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਦੇ ਲੋਕ ਨਰਕ ਵਰਗਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੇਸ਼ ਭਰ 'ਚ ਚੱਲ ਰਹੇ ਸਵੱਛ ਭਾਰਤ ਅਭਿਆਨ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਕਿਉਂਕਿ ਪਿੰਡ ਦੀਆਂ ਗਲੀਆਂ ਦੀ ਇਸ ਦੁਰਦਸ਼ਾ ਨੂੰ ਲੈ ਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਦਾ ਕਹਿਣਾ ਹੈ ਕਿ ਮੀਂਹ ਦੇ ਦਿਨਾਂ 'ਚ ਤਾਂ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਕਿਉਂਕਿ ਗਲੀਆਂ 'ਚ ਖੜ੍ਹਾ ਗੰਦਾ ਪਾਣੀ ਲੋਕਾਂ ਲਈ ਹੋਰ ਵੀ ਪ੍ਰੇਸ਼ਾਨੀ ਖੜ੍ਹੀ ਕਰ ਦਿੰਦਾ ਹੈ। ਪਿੰਡ ਦੇ ਪ੍ਰਮੁੱਖ ਵਿਅਕਤੀਆਂ ਮਾ. ਸੁਨੀਲ ਕੁਮਾਰ, ਪੰਚ ਰਾਜੇਸ਼ਵਰ ਕੁਮਾਰ, ਪੰਚ ਕਮਲੇਸ਼ ਕੁਮਾਰੀ, ਸਾਬਕਾ ਸਰਪੰਚ ਜਸਵਿੰਦਰ ਕੌਰ, ਸੁਰਜੀਤ ਕੌਰ, ਪ੍ਰਕਾਸ਼ ਰਾਮ, ਮਨਜੀਤ ਸਿੰਘ, ਬਲਵੀਰ ਸਿੰਘ, ਬਲਵਿੰਦਰ ਕੌਰ ਤੇ ਸੁੱਚਾ ਸਿੰਘ ਆਦਿ ਨੇ ਕਿਹਾ ਕਿ ਇਸ ਸਬੰਧ 'ਚ ਜ਼ਿਲਾ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਾਈ ਜਾ ਚੁੱਕੀ ਹੈ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ।
ਸੰਘਰਸ਼ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ : ਇਸ ਦੌਰਾਨ ਬਸਪਾ ਆਗੂਆਂ ਪ੍ਰਸ਼ੋਤਮ ਲਾਲ ਅਹੀਰ, ਸੁਰਜੀਤ ਪਾਲ, ਐਡਵੋਕੇਟ ਮਲਕੀਤ ਸਿੰਘ ਸੀਕਰੀ, ਚਮਨ ਸਿੰਘ ਸੀਕਰੀ ਨੇ ਵੀ ਪਿੰਡ ਦੀ ਇਸ ਤਰਸਯੋਗ ਹਾਲਤ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਨੇ ਜਲਦ ਇਸ ਵਿਵਸਥਾ ਨੂੰ ਠੀਕ ਨਾ ਕੀਤਾ ਤਾਂ ਉਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
