ਅਟਾਰੀ ਸਰਹੱਦ ''ਤੇ ਭਾਰਤ ਦੇ ਨਵ-ਨਿਰਮਾਣ ਦੀ ਸਹੁੰ ਚੁੱਕੀ

08/24/2017 4:17:41 AM

ਅੰਮ੍ਰਿਤਸਰ,   (ਨੀਰਜ)-  ਭਾਰਤ ਨੂੰ ਗਰੀਬੀ, ਅੱਤਵਾਦ ਤੇ ਭ੍ਰਿਸ਼ਟਾਚਾਰ ਤੋਂ ਮੁਕਤ ਬਣਾਉਣ ਦੇ ਨਾਲ-ਨਾਲ ਜਾਤੀਵਾਦ ਮੁਕਤ ਅਤੇ ਸਾਫ਼-ਸੁਥਰਾ ਬਣਾਉਣ ਲਈ ਅੱਜ ਪੂਰੇ ਦੇਸ਼ 'ਚੋਂ ਆਏ ਹਜ਼ਾਰਾਂ ਦੇਸ਼ਵਾਸੀਆਂ ਨੇ ਗੁਆਂਢੀ ਮੁਲਕ ਨਾਲ ਲੱਗਦੀ ਅਟਾਰੀ ਸਥਿਤ ਸੰਯੁਕਤ ਜਾਂਚ ਚੌਕੀ 'ਤੇ ਇਕ ਨਵੇਂ ਭਾਰਤ ਦੇ ਨਿਰਮਾਣ ਦੀ ਸਹੁੰ ਚੁੱਕੀ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਅੰਮ੍ਰਿਤਸਰ ਸਥਿਤ ਖੇਤਰੀ ਪ੍ਰਚਾਰ ਇਕਾਈ ਵੱਲੋਂ ਸੀਮਾ ਸੁਰੱਖਿਆ ਬਲ ਦੇ ਸਹਿਯੋਗ ਨਾਲ ਇਥੇ ਕਰਵਾਏ ਗਏ ਇਸ ਵਿਸ਼ੇਸ਼ ਸਹੁੰ ਚੁੱਕ ਸਮਾਰੋਹ ਵਿਚ ਸ਼ਿਰਕਤ ਕਰਦਿਆਂ ਹਜ਼ਾਰਾਂ ਦੀ ਗਿਣਤੀ 'ਚ ਮੌਜੂਦ ਦੇਸ਼ਵਾਸੀਆਂ ਨੇ ਇਕ ਆਵਾਜ਼ ਵਿਚ ਦੇਸ਼ ਦੀ ਹੋਰ ਤਰੱਕੀ ਅਤੇ ਵਿਕਾਸ ਦੇ ਨਾਲ ਹੀ ਉਸ ਨੂੰ ਮਜ਼ਬੂਤ ਕਰਨ ਦੀ ਵੀ ਸਹੁੰ ਚੁੱਕੀ।
ਖੇਤਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਦੇ ਵਾਅਦੇ ਦਾ ਜ਼ਿਕਰ ਕਰਦਿਆਂ ਇਹ ਸਹੁੰ ਚੁਕਾਉਂਦਿਆਂ ਦੇਸ਼ਵਾਸੀਆਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਜਦੋਂ ਦੇਸ਼ਵਾਸੀ ਇਕਜੁਟ ਹੋ ਕੇ ਅਜਿਹਾ ਸੰਕਲਪ ਲੈਣਗੇ ਤਾਂ ਦੇਸ਼ ਹਰ ਹਾਲ ਵਿਚ ਤਰੱਕੀ ਕਰੇਗਾ।
ਇਸ ਮੌਕੇ ਸੀਮਾ ਸੁਰੱਖਿਆ ਬਲ ਤੇ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਮੁਕਲ ਗੋਇਲ ਨੇ ਝੰਡਾ ਉਤਾਰਨ ਦੀ ਰਸਮ ਵੇਖਣ ਆਏ ਦੇਸ਼ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਬਾਲੀ ਨੇ ਦੱਸਿਆ ਕਿ ਇਸੇ ਲੜੀ ਵਿਚ 24 ਅਤੇ 25 ਅਗਸਤ ਨੂੰ ਅਟਾਰੀ ਸਥਿਤ ਸਰਕਾਰੀ ਸੀਨੀ. ਸੈਕੰ. ਸਕੂਲ ਵਿਚ 'ਨਵੇਂ ਭਾਰਤ ਦਾ ਮੰਥਨ-ਸੰਕਲਪ ਨਾਲ ਸਿੱਧੀ' ਵਿਸ਼ੇ 'ਤੇ 2 ਦਿਨਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਵਿਚ ਸਕੂਲੀ ਵਿਦਿਆਰਥੀਆਂ ਵਿਚ ਦੇਸ਼ ਪ੍ਰਤੀ ਲਗਨ ਜਗਾਉਣ ਲਈ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਇਸ 2 ਦਿਨਾ ਪ੍ਰੋਗਰਾਮ ਦੇ ਆਖਰੀ ਦਿਨ 25 ਅਗਸਤ ਨੂੰ ਆਜ਼ਾਦੀ ਘੁਲਾਟੀਆਂ ਅਤੇ ਸਾਬਕਾ ਫੌਜੀਆਂ ਨਾਲ ਨੌਜਵਾਨਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਹੋਰ ਮਕਬੂਲ ਕਰਨ ਲਈ ਮੇਲ-ਮਿਲਾਪ ਵੀ ਕਰਵਾਇਆ ਜਾਵੇਗਾ।
ਮੰਤਰਾਲੇ ਦੇ ਗੀਤ ਅਤੇ ਨਾਟਕ ਵਿਭਾਗ ਦੇ ਕਲਾਕਾਰਾਂ ਵੱਲੋਂ ਭੰਗੜੇ ਦੀ ਪੇਸ਼ਕਾਰੀ ਨੇ ਉਥੇ ਮੌਜੂਦ ਲੋਕਾਂ ਨੂੰ ਕੀਲਿਆ। ਇਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਵੱਲੋਂ ਤਿਰੰਗਾ ਉਤਾਰਨ ਦੀ ਰਸਮ ਪੂਰੇ ਮਾਣ-ਸਨਮਾਨ ਨਾਲ ਪੂਰੀ ਕੀਤੀ ਗਈ।


Related News