ਪਹਿਲਾਂ ਲੜਕੀ ਤੇ ਹੁਣ ਪਤਨੀ ਦਾ ਸ਼ੱਕ ਹੋਣ ''ਤੇ ਕੀਤਾ ਕਤਲ
Saturday, Jan 20, 2018 - 02:07 AM (IST)
ਗੁਰਦਾਸਪੁਰ, (ਵਿਨੋਦ)- ਲਾਹੌਰ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕੁਲਹਾੜੀ ਮਾਰ ਕੇ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਪਤਨੀ 4 ਮਹੀਨੇ ਪਹਿਲਾਂ ਆਪਣੇ ਪਤੀ ਵੱਲੋਂ ਕੀਤੇ ਗਏ ਲੜਕੀ ਦੇ ਕਤਲ ਸੰਬੰਧੀ ਪੁਲਸ ਨੂੰ ਜਾਣਕਾਰੀ ਦੇਣ ਦੀ ਧਮਕੀ ਦਿੰਦੀ ਸੀ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਲਾਹੌਰ ਦੇ ਮੁਹੱਲਾ ਗਾਜ਼ੀਆਬਾਦ 'ਚ ਰਹਿਮਤ ਨੇ ਆਪਣੀ ਪਤਨੀ ਅੱਲ੍ਹਾ ਰੱਖੀ ਦਾ ਅੱਜ ਤੜਕਸਾਰ ਕਤਲ ਕਰ ਦਿੱਤਾ ਤੇ ਇਸ ਦਾ ਕਾਰਨ ਉਸ ਨੇ ਪੁਲਸ ਨੂੰ ਆਪਣੀ ਪਤਨੀ ਦੇ ਹੋਰਨਾਂ ਲੋਕਾਂ ਨਾਲ ਨਾਜਾਇਜ਼ ਸੰਬੰਧ ਦੱਸਿਆ। ਮੁਲਜ਼ਮ ਨੇ ਸਵੀਕਾਰ ਕੀਤਾ ਕਿ ਉਸ ਦੀ 17 ਸਾਲਾ ਲੜਕੀ ਸੁਰਈਆ ਵੀ ਆਪਣੀ ਮਾਂ ਦੇ ਕਹਿਣ 'ਤੇ ਗਲਤ ਰਸਤੇ 'ਤੇ ਚੱਲ ਰਹੀ ਸੀ, ਜਿਸ ਦਾ ਉਸ ਨੇ 4 ਮਹੀਨੇ ਪਹਿਲਾਂ ਕਤਲ ਕਰ ਕੇ ਲਾਸ਼ ਘਰ 'ਚ ਹੀ ਦਬਾ ਦਿੱਤੀ ਸੀ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ਦੇ ਆਧਾਰ 'ਤੇ ਉਸ ਦੇ ਘਰੋਂ ਲੜਕੀ ਦੀ ਲਾਸ਼ ਵੀ ਬਰਾਮਦ ਕਰ ਲਈ।
