ਨਹਿਰ ’ਚ ਡੁੱਬਣ ਨਾਲ ਸਹਾਇਕ ਥਾਣੇਦਾਰ ਦੀ ਮੌਤ
Sunday, May 05, 2019 - 08:46 PM (IST)

ਮੋਗਾ, (ਆਜ਼ਾਦ)-ਥਾਣਾ ਸਿਟੀ ਮੋਗਾ ’ਚ ਤਾਇਨਾਤ ਸਹਾਇਕ ਥਾਣੇਦਾਰ ਅਮਨਦੀਪ ਸ਼ਰਮਾ ਦੀ ਅੱਜ ਫਿਰੋਜ਼ਪੁਰ ਜ਼ਿਲੇ ’ਚ ਪੈਂਦੇ ਘੱਲ ਖੁਰਦ ਨਹਿਰ ’ਚ ਡੁੱਬਣ ਨਾਲ ਮੌਤ ਹੋ ਜਾਣ ਦਾ ਪਤਾ ਲਗਾ ਹੈ। ਜਾਣਕਾਰੀ ਅਨੁਸਾਰ ਅਮਨਦੀਪ ਸ਼ਰਮਾ ਆਪਣੇ ਦੋਸਤ ਰਾਜੂ ਮਦਾਨ ਨਾਲ ਆਪਣੀ ਕਾਰ ’ਚ ਫਿਰੋਜ਼ਸ਼ਾਹ ਕੋਲ ਨਹਿਰ ’ਚ ਕੁੱਝ ਸਾਮਾਨ ਤਾਰਨ ਲਈ ਗਿਆ ਸੀ, ਅਚਾਨਕ ਜਦੋਂ ਉਹ ਨਹਿਰ ਦੀਆਂ ਪੌਡ਼ੀਆਂ ਉਤਰਿਆ ਤਾਂ ਪੈਰ ਫਿਸਲਨ ਨਾਲ ਉਹ ਪਾਣੀ ’ਚ ਬਹਿ ਗਿਆ।
ਥਾਣਾ ਸਦਰ ਘੱਲ-ਖੁਰਦ ਨੂੰ ਜਾਣਕਾਰੀ ਮਿਲਣ ’ਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਤੇ ਥਾਣਾ ਸਿਟੀ ਮੋਗਾ ਨੂੰ ਸੂਚਿਤ ਕੀਤਾ, ਜਿਸ ’ਤੇ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਜਗਤਾਰ ਸਿੰਘ ਪੁਲਸ ਮੁਲਾਜ਼ਮਾਂ ਸਹਿਤ ਉਥੇ ਪੁੱਜੇ। ਉਨ੍ਹਾਂ ਦੱਸਿਆ ਕਿ ਅਮਨਦੀਪ ਸ਼ਰਮਾ ਦੀ ਲਾਸ਼ ਨਹੀਂ ਮਿਲੀ, ਜਿਸਦੀ ਤਲਾਸ਼ ਜਾਰੀ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣਾ ਘੱਲ-ਖੁਰਦ ਦੇ ਸਹਾਇਕ ਥਾਣੇਦਾਰ ਜੁਗਰਾਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ।