1.75 ਕਰੋੜ ਦੀ ਹੈਰੋਇਨ ਸਮੇਤ ਰੇਲਵੇ ਦੀ ਸਹਾਇਕ ਮੈਨੇਜਰ ਤੇ 4 ਸਾਥੀ ਗ੍ਰਿਫਤਾਰ

11/07/2019 9:28:33 PM

ਬਠਿੰਡਾ,(ਵਰਮਾ)- ਸੀ. ਆਈ. ਏ. ਸਟਾਫ-2 ਪੁਲਸ ਨੇ ਸੂਚਨਾ ਦੇ ਆਧਾਰ 'ਤੇ ਇਕ ਕਾਰ ਸਵਾਰ 5 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 1.75 ਕਰੋੜ ਰੁਪਏ ਦੀ 350 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ 'ਚ ਇਕ ਔਰਤ ਵੀ ਸ਼ਾਮਲ ਹੈ ਜੋ ਰੇਲਵੇ ਵਿਭਾਗ 'ਚ ਬਤੌਰ ਸਹਾਇਕ ਮੈਨੇਜਰ ਵਜੋਂ ਮੁੱਲਾਪੁਰ ਦਾਖਾ 'ਚ ਤਾਇਨਾਤ ਹੈ।
ਪੁਲਸ ਨੇ ਮੁਲਜ਼ਮਾਂ ਖਿਲਾਫ ਥਾਣਾ ਸਿਵਲ ਲਾਈਨ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ-2 ਆਸ਼ਵੰਤ ਨੇ ਦੱਸਿਆ ਕਿ ਸੀ. ਆਈ. ਏ-2 ਦੇ ਪ੍ਰਮੁੱਖ ਤਰਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਮਾਨਸਾ ਰੋਡ 'ਤੇ ਸਨ। ਇਸ ਦੌਰਾਨ ਉਨ੍ਹਾਂ ਨੂੰ ਅੰਡਰਬ੍ਰਿਜ ਨਜ਼ਦੀਕ ਹੀ ਕੱਚੇ ਰਸਤੇ 'ਤੇ ਇਕ ਜ਼ੈਨ ਕਾਰ ਸ਼ੱਕੀ ਹਾਲਾਤ 'ਚ ਖੜ੍ਹੀ ਮਿਲੀ ਜਿਸ 'ਚ ਮੁਲਜ਼ਮ ਗੁਰਵਿੰਦਰ ਸਿੰਘ ਗਿੰਦੀ ਵਾਸੀ ਤੁੰਗਵਾਲੀ, ਰੇਲਵੇ ਵਿਭਾਗ 'ਚ ਮੁੱਲਾਪੁਰ ਵਿਚ ਸਹਾਇਕ ਮੈਨੇਜਰ ਦੇ ਤੌਰ 'ਤੇ ਤਾਇਨਾਤ ਅਮਨਦੀਪ ਕੌਰ ਵਾਸੀ ਜੱਸੀ ਬਾਗ ਵਾਲੀ, ਮਨਪ੍ਰੀਤ ਸਿੰਘ ਉਰਫ ਪ੍ਰੀਤ ਵਾਸੀ ਮਹਿਰਾਜ, ਹਰਗੋਬਿੰਦ ਸਿੰਘ ਵਾਸੀ ਜੱਸੀ ਪੌ ਵਾਲੀ ਅਤੇ ਜਸਵੀਰ ਸਿੰਘ ਉਰਫ ਚਿੱਟੀ ਵਾਸੀ ਤੁੰਗਵਾਲੀ ਸਵਾਰ ਸਨ। ਪੁਲਸ ਨੇ ਡੀ. ਐੱਸ. ਪੀ.-2 ਨੂੰ ਮੌਕੇ 'ਤੇ ਬੁਲਾ ਕੇ ਸ਼ੱਕੀ ਹਾਲਾਤ 'ਚ ਖੜ੍ਹੇ ਉਕਤ ਲੋਕਾਂ ਦੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ 'ਚੋਂ 350 ਗ੍ਰਾਮ ਹੈਰੋਇਨ ਬਰਾਮਦ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਖਿਲਾਫ ਥਾਣਾ ਸਿਵਲ ਲਾਈਨ 'ਚ ਕੇਸ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਹੈਰੋਇਨ ਦੀ ਕੀਮਤ ਬਾਜ਼ਾਰ ਵਿਚ 1.75 ਕਰੋੜ ਰੁਪਏ ਬਣਦੀ ਹੈ। ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂਕਿ ਉਨ੍ਹਾਂ ਦੀ ਨਸ਼ੇ ਦੀ ਸਪਲਾਈ ਲਾਈਨ ਦਾ ਪਤਾ ਲੱਗ ਸਕੇ।


Bharat Thapa

Content Editor

Related News