ਆਫਿਸ ਤੋਂ ਪਰੇਸ਼ਾਨ ਅਸਿਸਟੈਂਟ ਮੈਨੇਜਰ ਨੇ ਕੀਤੀ ਆਤਮ ਹੱਤਿਆ

Tuesday, Mar 10, 2020 - 03:46 PM (IST)

ਆਫਿਸ ਤੋਂ ਪਰੇਸ਼ਾਨ ਅਸਿਸਟੈਂਟ ਮੈਨੇਜਰ ਨੇ ਕੀਤੀ ਆਤਮ ਹੱਤਿਆ

ਚੰਡੀਗੜ੍ਹ (ਸੁਸ਼ੀਲ) : ਸੈਕਟਰ-49 ਦੀ ਸਾਈਂ ਐਨਕਲੇਵ ਸੋਸਾਇਟੀ ਸਥਿਤ ਘਰ 'ਚ ਅਸਿਸਟੈਂਟ ਮੈਨੇਜਰ ਨੇ ਫਾਹ ਲਗਾ ਕੇ ਆਤਮ ਹੱਤਿਆ ਕਰ ਲਈ ਸੀ। ਅਸਿਸਟੈਂਟ ਮੈਨੇਜਰ ਨੀਲਿਮਾ ਠਾਕੁਰ ਨੇ ਸੀਨੀਅਰ ਅਧਿਕਾਰੀਆਂ ਅਤੇ ਸਹਿ-ਕਰਮਚਾਰੀਆਂ ਵਲੋਂ ਭ੍ਰਿਸ਼ਟਾਚਾਰ ਕਰਨ ਦੀ ਸ਼ਿਕਾਇਤ ਭਾਰਤ ਸਰਕਾਰ ਦੇ ਵਿੱਤ ਮੰਤਰੀ ਨੂੰ ਪੱਤਰ 'ਚ ਲਿਖੀ ਸੀ। 4 ਫਰਵਰੀ, 2020 ਨੂੰ ਲਿਖਿਆ ਪੱਤਰ ਨੀਲਿਮਾ ਠਾਕੁਰ ਦੀ ਡਾਇਰੀ 'ਚ ਪੁਲਸ ਨੂੰ ਮਿਲਿਆ। ਨੀਲਿਮਾ ਠਾਕੁਰ ਦੇ ਪਤੀ ਪ੍ਰਕਾਸ਼ ਅਤੇ ਪਿਤਾ ਜਗਤਾਰ ਸਿੰਘ ਨੇ ਦੋਸ਼ ਲਗਾਇਆ ਕਿ ਮਾਨਸਿਕ ਤੌਰ 'ਤੇ ਉਸ ਨੂੰ ਰਾਮਾਨੰਦ, ਨਰੇਸ਼ ਗੁਪਤਾ, ਜੋਤੀ, ਸੁਮਨ, ਪੰਕਜ, ਮੋਨਿਕਾ, ਵਿਵੇਕ, ਅਸ਼ੋਕ ਸ਼ਰਮਾ, ਸਾਹਿਲ ਅਤੇ ਰਾਵਤ ਨੇ ਪ੍ਰੇਸ਼ਾਨ ਕਰ ਰੱਖਿਆ ਸੀ। ਇਸ ਕਾਰਨ ਨੀਲਿਮਾ ਨੇ ਫਾਹ ਲਗਾ ਕੇ ਆਤਮ ਹੱਤਿਆ ਕਰ ਲਈ। ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਬੇਟੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲੇ ਸੀਨੀਅਰ ਅਧਿਕਾਰੀ ਤੇ ਸਹਿ ਕਰਮਚਾਰੀਆਂ ਵਿਰੁੱਧ ਹੁਣ ਕਾਨੂੰਨੀ ਲੜਾਈ ਲੜ ਕੇ ਬੇਟੀ ਨੂੰ ਇਨਸਾਫ ਦਿਵਾਵਾਂਗਾ।

10 ਲੱਖ ਲੋਨ ਲਈ ਅਧਿਕਾਰੀ ਲੈ ਰਹੇ ਸਨ 40 ਹਜ਼ਾਰ
ਨੀਲਿਮਾ ਦੇ ਪਿਤਾ ਨੇ ਕਿਹਾ ਕਿ ਬੇਟੀ ਨੇ ਬੈਂਕ ਵਿਚ ਹੋਣ ਵਾਲੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨਾ ਚਾਹਿਆ। ਬੈਂਕ 'ਚ ਪ੍ਰਧਾਨ ਮੰਤਰੀ ਯੋਜਨਾ ਅਧੀਨ 6 ਤੋਂ 10- ਲੱਖ ਦੇ ਲੋਨ ਦੇ ਲਈ ਬੈਂਕ ਕਰਮਚਾਰੀ ਨੇ 40 ਹਜ਼ਾਰ ਰੁਪਏ ਰਿਸ਼ਵਤ ਲੈ ਰਹੇ ਸਨ। ਇਕ ਔਰਤ ਨੇ ਮਾਮਲੇ ਦੀ ਸ਼ਿਕਾਇਤ ਕੀਤੀ। ਵਿਜੀਲੈਂਸ ਜਾਂਚ ਹੋਈ ਪਰ ਮਾਮਲਾ ਸੈਟਲ ਕਰ ਦਿੱਤਾ ਗਿਆ। ਸੀਨੀਅਰ ਅਧਿਕਾਰੀਆਂ ਨੇ ਬੇਟੀ ਨੂੰ ਪ੍ਰੇਸ਼ਾਨ ਕਰਨ ਲਈ ਕਈ ਵਾਰ ਟਰਾਂਸਫਰ ਕਰ ਦਿੱਤੀ। ਹੁਣ ਬੇਟੀ ਸੈਕਟਰ-17 ਸਥਿਤ ਯੂਨੀਅਨ ਬੈਂਕ ਦੇ ਰੀਜਨਲ ਦਫਤਰ ਵਿਚ ਸੀ। ਸੈਕਟਰ-49 ਥਾਣਾ ਪੁਲਸ ਨੀਲਿਮਾ ਦੀ ਡਾਇਰੀ ਵਿਚ ਲਿਖੇ ਪੱਤਰ ਦੀ ਜਾਂਚ ਕਰ ਕੇ ਮਾਮਲੇ ਵਿਚ ਅਗਲੀ ਕਾਰਵਾਈ ਕਰੇਗੀ।

PunjabKesari

ਡਿਊਟੀ ਜਾਣ ਲਈ ਕਮਰੇ 'ਚ ਤਿਆਰ ਹੋਣ ਗਈ ਸੀ
ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਬੇਟੀ ਨੀਲਿਮਾ ਠਾਕੁਰ ਸ਼ਨੀਵਾਰ ਸਵੇਰੇ ਡਿਊਟੀ ਜਾਣ ਲਈ ਕਮਰੇ ਵਿਚ ਤਿਆਰ ਹੋਣ ਗਈ ਸੀ। ਕਾਫ਼ੀ ਦੇਰ ਤੱਕ ਜਦੋਂ ਉਹ ਬਾਹਰ ਨਹੀਂ ਆਈ ਤਾਂ ਉਨ੍ਹਾਂ ਨੇ ਕਮਰੇ 'ਚ ਜਾ ਕੇ ਵੇਖਿਆ ਤਾਂ ਉਸ ਨੇ ਫਾਹ ਲੈ ਲਿਆ ਸੀ। ਉਨ੍ਹਾਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੇਟੀ ਦੀ ਲਾਸ਼ ਨੂੰ ਜੀ. ਐੱਮ. ਸੀ. ਐੱਚ.-32 ਵਿਚ ਰਖਵਾ ਦਿੱਤਾ ਸੀ। ਹਾਦਸੇ ਸਮੇਂ ਜਵਾਈ ਹੈਦਰਾਬਾਦ ਵਿਚ ਸੀ, ਜਦੋਂਕਿ ਧੀ ਦੇ ਦੋ ਬੱਚੇ ਉਨ੍ਹਾਂ ਕੋਲ ਸਨ।

ਕਈ ਦਿਨਾਂ ਤੋਂ ਪ੍ਰੇਸ਼ਾਨ ਸੀ
ਪਤੀ ਪ੍ਰਕਾਸ਼ ਨੇ ਦੱਸਿਆ ਕਿ ਪਤਨੀ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। ਉਨ੍ਹਾਂ ਨੇ ਨੌਕਰੀ ਤੋਂ ਰਿਜ਼ਾਈਨ ਕਰਨ ਨੂੰ ਕਿਹਾ ਸੀ ਪਰ ਉਹ ਲੜਾਈ ਲੜਨਾ ਚਾਹੁੰਦੀ ਸੀ। ਪੁਲਸ ਨੇ ਸੋਮਵਾਰ ਨੂੰ ਪਤਨੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ, ਜਿਸਦਾ ਬਾਅਦ ਦੁਪਹਿਰ ਸਸਕਾਰ ਕਰ ਦਿੱਤਾ ਗਿਆ।


author

Anuradha

Content Editor

Related News