ਰਿਸ਼ਵਤਖੋਰੀ ਦੇ ਦੋਸ਼ ਹੇਠ ਸਹਾਇਕ ਮੰਡਲ ਫਾਇਰ ਅਫ਼ਸਰ ਮੁਅੱਤਲ
Wednesday, Sep 17, 2025 - 05:13 PM (IST)

ਅਬੋਹਰ (ਸੁਨੀਲ) : ਸਥਾਨਕ ਫਾਇਰ ਬ੍ਰਿਗੇਡ ਵਿੱਚ ਤਾਇਨਾਤ ਸਹਾਇਕ ਮੰਡਲ ਫਾਇਰ ਅਫ਼ਸਰ ਵਰਿੰਦਰ ਕੁਮਾਰ ਨੂੰ ਕੁੱਝ ਮਹੀਨੇ ਪਹਿਲਾਂ ਵਿਜੀਲੈਂਸ ਟੀਮ ਵੱਲੋਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ੍ਹਿਆ ਗਿਆ ਸੀ। ਬੀਤੇ ਦਿਨ ਸੂਬੇ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਉਸ ਨੂੰ ਆਪਣੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। ਸਥਾਨਕ ਸਰਕਾਰਾਂ ਵਿਭਾਗ ਨੇ ਇਸ ਸਬੰਧੀ ਇੱਕ ਪੱਤਰ ਕਮਿਸ਼ਨਰ ਨਗਰ ਨਿਗਮ, ਅਬੋਹਰ ਨੂੰ ਭੇਜਿਆ ਹੈ।
ਪੱਤਰ ਵਿੱਚ, ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਨੇ ਕਿਹਾ ਹੈ ਕਿ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਫੜ੍ਹੇ ਗਏ ਵਰਿੰਦਰ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ। ਇਸ ਸਮੇਂ ਦੌਰਾਨ ਅਧਿਕਾਰੀ ਦਾ ਹੈੱਡਕੁਆਟਰ ਮੁੱਖ ਦਫ਼ਤਰ ਸਥਾਨਕ ਸਰਕਾਰ ਚੰਡੀਗੜ੍ਹ ਵਿਖੇ ਹੋਵੇਗਾ ਅਤੇ ਉਹ ਆਪਣੀ ਮੁਅੱਤਲੀ ਦੌਰਾਨ ਸਰਕਾਰੀ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ ਲੈਣ ਦੇ ਯੋਗ ਹੋਣਗੇ। ਜ਼ਿਕਰਯੋਗ ਹੈ ਕਿ ਅਬੋਹਰ ਫਾਇਰ ਵਿਭਾਗ ਦੇ ਇੰਚਾਰਜ ਵਰਿੰਦਰ ਕੁਮਾਰ ਕਥੂਰੀਆ ਨੂੰ ਵਿਜੀਲੈਂਸ ਟੀਮ ਵੱਲੋਂ 20,000 ਰੁਪਏ ਦੀ ਰਿਸ਼ਵਤ ਲੈਂਦੇ ਫੜ੍ਹਿਆ ਗਿਆ ਸੀ। ਇਹ ਕਾਰਵਾਈ ਸਥਾਨਕ ਨਿਵਾਸੀ ਰਿਸ਼ਭ ਕਾਲੀਆ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਸੀ। ਉਸਨੇ ਵਿਜੀਲੈਂਸ ਨੂੰ ਦੱਸਿਆ ਕਿ ਇੰਚਾਰਜ ਵਰਿੰਦਰ ਕੁਮਾਰ ਨੇ ਇੱਕ ਕੰਮ ਦੇ ਬਦਲੇ ਉਸ ਤੋਂ 20,000 ਰੁਪਏ ਦੀ ਰਿਸ਼ਵਤ ਮੰਗੀ ਸੀ।