ਚੋਣਾਂ 2022: CRPF, ARP ਦੇ ਕਮਾਂਡੋ ਤੇ ਸਵੈਟ ਟੀਮ ਦੇ ਜਵਾਨ ਬੁਲੇਟ ਪਰੂਫ ਗੱਡੀਆਂ ਸਣੇ ਸ਼ਹਿਰ ’ਚ ਹੋਣਗੇ ਤਾਇਨਾਤ

Friday, Jan 14, 2022 - 01:39 PM (IST)

ਚੋਣਾਂ 2022: CRPF, ARP ਦੇ ਕਮਾਂਡੋ ਤੇ ਸਵੈਟ ਟੀਮ ਦੇ ਜਵਾਨ ਬੁਲੇਟ ਪਰੂਫ ਗੱਡੀਆਂ ਸਣੇ ਸ਼ਹਿਰ ’ਚ ਹੋਣਗੇ ਤਾਇਨਾਤ

ਜਲੰਧਰ/ਅੰਮ੍ਰਿਤਸਰ (ਸੁਧੀਰ) - ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਚੋਰਾਂ-ਲੁਟੇਰਿਆਂ ਤੇ ਅਪਰਾਧੀਆਂ ਦੀ ਨਕੇਲ ਕੱਸਣ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਅਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਕਮਰ ਕੱਸ ਲਈ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਅਤੇ ਡੀ. ਸੀ. ਪੀ. (ਲਾਅ ਐਂਡ ਆਰਡਰ) ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਚੋਣਾਂ ਦੇ ਨਜ਼ਦੀਕ ਆਉਂਦੇ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਉਨ੍ਹਾਂ ਨੂੰ ਸ਼ਹਿਰ ਵਿਚ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ 24 ਘੰਟੇ ਸੁਰੱਖਿਆ ਵਧਾਈ ਜਾ ਰਹੀ ਹੈ। ਪੀ. ਸੀ. ਆਰ. ਦਸਤੇ ਨੂੰ ਸ਼ਹਿਰ ਵਿਚ 24 ਘੰਟੇ ਪੈਟਰੋਲਿੰਗ ਕਰਨ ਅਤੇ ਸ਼ੱਕੀ ਲੋਕਾਂ ਦੀ ਨਕੇਲ ਕੱਸਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪੀ. ਸੀ. ਆਰ. ਕਰਮਚਾਰੀਆਂ ਨੂੰ ਆਪਣੇ ਵਾਇਰਲੈੱਸ ਸੈੱਟ ਤੇ ਉਨ੍ਹਾਂ ਦੀਆਂ ਬੈਟਰੀਆਂ ਬਿਲਕੁਲ ਠੀਕ ਰੱਖਣ ਅਤੇ ਕੰਟਰੋਲ ਰੂਮ ਤੋਂ ਕਿਸੇ ਤਰ੍ਹਾਂ ਦਾ ਮੈਸੇਜ ਆਉਣ ’ਤੇ ਉਨ੍ਹਾਂ ਨੂੰ ਤੁਰੰਤ ਮੌਕੇ ’ਤੇ ਪਹੁੰਚਣ ਨੂੰ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਐਂਟਰੀ ਪੁਆਇੰਟਾਂ ਤੋਂ ਲੈ ਕੇ ਪ੍ਰਮੁੱਖ ਚੌਕਾਂ ਵਿਚ ਰਾਤ ਨੂੰ ਵਿਸ਼ੇਸ਼ ਨਾਕਾਬੰਦੀ ਕਰਨ ਅਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਨੂੰ ਚੈਕਿੰਗ ਕਰਨ ਤੋਂ ਬਾਅਦ ਸ਼ਹਿਰ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਸੀ. ਪੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸੀ. ਆਰ. ਪੀ. ਐੱਫ. ਦੀਆਂ 3 ਕੰਪਨੀਆਂ, ਏ. ਆਰ. ਪੀ. ਦੀਆਂ 4 ਕੰਪਨੀਆਂ ਅਤੇ ਐੱਸ. ਓ. ਜੀ. ਦੇ ਕਮਾਂਡੋਜ਼ ਸਮੇਤ ਸਵੈਟ ਟੀਮ ਦੇ ਜਵਾਨ ਉਨ੍ਹਾਂ ਕੋਲ ਪਹੁੰਚ ਚੁੱਕੇ ਹਨ। ਆਉਣ ਵਾਲੇ ਸਮੇਂ ਵਿਚ ਸੀ. ਆਰ. ਪੀ. ਐੱਫ. ਦੀਆਂ ਕੁਝ ਹੋਰ ਕੰਪਨੀਆਂ ਅੰਮ੍ਰਿਤਸਰ ਪਹੁੰਚ ਰਹੀਆਂ ਹਨ। ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਲਈ ਡੀ. ਸੀ. ਪੀ. (ਲਾਅ ਐਂਡ ਆਰਡਰ) ਪਰਮਿੰਦਰ ਸਿੰਘ ਭੰਡਾਲ ਦੀ ਸੁਪਰਵਿਜ਼ਨ ਵਿਚ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਵਾਈ ਜਾਵੇਗੀ।

ਦੂਜੇ ਪਾਸੇ ਸੀ. ਪੀ. ਗਿੱਲ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਉਹ ਖੁਦ ਸਰਪ੍ਰਾਈਜ਼ ਚੈਕਿੰਗ ਲਈ ਨਿਕਲਣਗੇ। ਜੇਕਰ ਡਿਊਟੀ ਵਿਚ ਕੋਈ ਵੀ ਲਾਪ੍ਰਵਾਹੀ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ. ਸੀ. ਪੀ. ਭੰਡਾਲ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਗੋਲਡਨ ਗੇਟ ਅਤੇ ਇੰਡੀਆ ਗੇਟ ਤੋਂ ਲੈ ਕੇ ਸ਼ਹਿਰ ਵਿਚ ਦਾਖਲ ਹੋਣ ਵਾਲੇ ਸਾਰੇ ਰਸਤਿਆਂ ’ਤੇ ਚੋਣਾਂ ਦੇ ਮੱਦੇਨਜ਼ਰ 80 ਥਾਵਾਂ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇਗੀ, ਜਿਥੇ ਵਾਹਨਾਂ ਦੀ ਵਿਸ਼ੇਸ਼ ਰੂਪ ਵਿਚ ਚੈਕਿੰਗ ਕੀਤੀ ਜਾਵੇਗੀ।
 
ਇਸ ਤੋਂ ਇਲਾਵਾ ਏਅਰਪੋਰਟ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ’ਤੇ ਵੀ ਡਾਗ ਸਕੁਐਡ ਤੇ ਬੰਬ ਨਿਰੋਧਕ ਦਸਤੇ ਨਾਲ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਘਟਨਾ ਨਾਲ ਨਜਿੱਠਣ ਵਾਸਤੇ 2 ਬੁਲੇਟ ਪਰੂਫ ਗੱਡੀਆਂ ਨੂੰ ਵਿਸ਼ੇਸ਼ ਰੂਪ ਵਿਚ ਸਵੈਟ ਟੀਮ ਅਤੇ ਐੱਸ. ਓ. ਜੀ. ਦੇ ਕਮਾਂਡੋਜ਼ ਨਾਲ ਸ਼ਹਿਰ ਵਿਚ ਤਾਇਨਾਤ ਕੀਤਾ ਜਾਵੇਗਾ। ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ’ਤੇ ਪੈਰਾ-ਮਿਲਟਰੀ ਫੋਰਸ ਦੇ ਨਾਲ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਚੀਜ਼ ਦੀ ਸੂਚਨਾ ਲੋਕ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਦੇਣ।

ਨਾਈਟ ਕਰਫਿਊ ਨੂੰ ਵੀ ਸਖ਼ਤੀ ਨਾਲ ਕੀਤਾ ਲਾਗੂ
ਸੀ. ਪੀ. ਸੁਖਚੈਨ ਸਿੰਘ ਗਿੱਲ ਅਤੇ ਡੀ. ਸੀ. ਪੀ. (ਲਾਅ ਐਂਡ ਆਰਡਰ) ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਕੋਵਿਡ ਕਾਰਨ ਨਾਈਟ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਰਾਤ 10 ਵਜੇ ਸਾਰੇ ਰੈਸਟੋਰੈਂਟ, ਬੀਅਰ ਬਾਰ, ਪੱਬ ਤੇ ਢਾਬੇ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਸਾਫ ਕਿਹਾ ਕਿ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਾਕਿਆਂ ’ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮਾਸਕ ਪਹਿਨਣ, ਸੋਸ਼ਲ ਡਿਸਟੈਂਸ ਅਤੇ ਕੋਵਿਡ-19 ਪ੍ਰੋਟੋਕਾਲਜ਼ ਦਾ ਪਾਲਣ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 2021 ਵਿਚ ਕੋਵਿਡ-19 ਦੇ ਨਿਯਮਾਂ ਦਾ ਉਲੰਘਣ ਕਰਨ ਵਾਲੇ ਲੋਕਾਂ ਕੋਲੋਂ ਪੁਲਸ ਨੇ 2 ਕਰੋੜ 39 ਲੱਖ ਰੁਪਏ ਦੇ ਲਗਭਗ ਜੁਰਮਾਨਾ ਵਸੂਲ ਕੀਤਾ ਸੀ। ਆਉਣ ਵਾਲੇ ਦਿਨਾਂ ਵਿਚ ਕਮਿਸ਼ਨਰੇਟ ਪੁਲਸ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ।

ਏਅਰਪੋਰਟ ਰੋਡ ਨੇੜੇ ਚੱਲੀ ਪੁਲਸ ਦੀ ਸਰਚ ਮੁਹਿੰਮ, ਕਈ ਘਰਾਂ ਵਿਚ ਛਾਪੇਮਾਰੀ
ਚੋਣਾਵੀ ਸੀਜ਼ਨ ਨਜ਼ਦੀਕ ਆਉਂਦੇ ਹੀ ਪੁਲਸ ਕਮਿਸ਼ਨਰ ਦੇ ਹੁਕਮਾਂ ’ਤੇ ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ, ਏ. ਡੀ. ਸੀ. ਪੀ. ਸਿਟੀ-2 ਪ੍ਰਭਜੋਤ ਸਿੰਘ, ਏ. ਸੀ. ਪੀ. ਵੈਸਟ ਦਾ ਚਾਰਜ ਸੰਭਾਲਣ ਵਾਲੇ ਕੰਵਲਪ੍ਰੀਤ ਸਿੰਘ ਨੇ ਭਾਰੀ ਪੁਲਸ ਫੋਰਸ ਅਤੇ ਪੈਰਾ-ਮਿਲਟਰੀ ਫੋਰਸ ਅਤੇ ਐੱਸ. ਓ. ਜੀ. ਦੇ ਕਮਾਂਡੋਜ਼ ਨਾਲ ਏਅਰਪੋਰਟ ਰੋਡ ਨੇੜੇ ਪੈਂਦੇ ਪਿੰਡ ਗੁਮਾਲਟਾ, ਘਾਣਪੁਰ ਕਾਲੇ ਅਤੇ ਹੋਰਨਾਂ ਵਿਚ ਸਰਚ ਮੁਹਿੰਮ ਚਲਾਈ ਅਤੇ ਕਈ ਘਰਾਂ ਵਿਚ ਪੁਲਸ ਨੇ ਛਾਪੇਮਾਰੀ ਕੀਤੀ। ਛਾਪੇਮਾਰੀ ਨਾਲ ਲੋਕਾਂ ਵਿਚ ਭਾਜੜ ਮਚ ਗਈ ਸੀ

ਨਾਕਾ ਤੋੜ ਕੇ ਭੱਜ ਰਹੇ ਮਨਚਲਿਆਂ ਦੀ ਆਈ ਸ਼ਾਮਤ
ਇੰਪਰੂਵਮੈਂਟ ਆਫਿਸ ਰਣਜੀਤ ਐਵੇਨਿਊ ਦੇ ਸਾਹਮਣੇ ਨਾਕਾ ਤੋੜ ਭੱਜ ਰਹੇ 3 ਮੋਟਰਸਾਈਕਲ ਸਵਾਰਾਂ ਨੂੰ ਪੁਲਸ ਨੇ ਕਾਬੂ ਕਰ ਕੇ ਉਨ੍ਹਾਂ ਦੀ ਜੰਮ ਕੇ ਖਾਤਿਰਦਾਰੀ ਕੀਤੀ। ਬਾਅਦ ਵਿਚ ਉਨ੍ਹਾਂ ਨੂੰ ਥਾਣਾ ਰਣਜੀਤ ਐਵੇਨਿਊ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਡੀ. ਸੀ. ਪੀ. ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਪੂਰੇ ਲਾਮ-ਲਸ਼ਕਰ ਨਾਲ ਰਣਜੀਤ ਐਵੇਨਿਊ ਦੇ ਦੋਵੇਂ ਪਾਸੇ ਐੱਸ. ਓ. ਜੀ. ਦੇ ਜਵਾਨਾਂ ਅਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨਾਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਕਰਮਚਾਰੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਬੁਲੇਟ ਮੋਟਰਸਾਈਕਲ ’ਤੇ ਆ ਰਹੇ 3 ਨੌਜਵਾਨਾਂ ਨੂੰ ਪੁਲਸ ਕਰਮਚਾਰੀਆਂ ਨੇ ਰੁਕਣ ਦਾ ਇਸ਼ਾਰਾ ਕੀਤਾ। ਨੌਜਵਾਨਾਂ ਨੇ ਨਾਕੇ ’ਤੇ ਖੜ੍ਹੇ ਪੁਲਸ ਕਰਮਚਾਰੀਆਂ ਵਿਚਕਾਰ ਮੋਟਰਸਾਈਕਲ ਨਾਲ ਟੱਕਰ ਮਾਰਦੇ ਮੋਟਰਸਾਈਕਲ ਭਜਾ ਲਿਆ। ਕੁਝ ਦੂਰੀ ’ਤੇ ਖੜ੍ਹੇ ਕਮਾਂਡੋਜ਼ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਤਿੰਨਾਂ ਨੌਜਵਾਨਾਂ ਨੂੰ ਥਾਣਾ ਰਣਜੀਤ ਐਵੇਨਿਊ ਦੀ ਪੁਲਸ ਨੂੰ ਮਾਮਲੇ ਦੀ ਜਾਂਚ ਲਈ ਸੌਂਪ ਦਿੱਤਾ। ਪੁਲਸ ਕਾਬੂ ਨੌਜਵਾਨਾਂ ਕੋਲੋਂ ਫਿਲਹਾਲ ਪੁੱਛਗਿੱਛ ਕਰ ਰਹੀ ਹੈ। ਇਸਦੇ ਨਾਲ ਹੀ ਗੱਡੀਆਂ ’ਤੇ ਲੱਗੇ ਫਰਜ਼ੀ ਪ੍ਰੈੱਸ ਅਤੇ ਪੁਲਸ ਲਿਖੇ ਸਟਿੱਕਰਾਂ ਨੂੰ ਵੀ ਉਤਰਵਾਇਆ ਗਿਆ।

ਅੱਧੀ ਦਰਜਨ ਦੇ ਲਗਭਗ ਬੁਲੇਟ ਮੋਟਰਸਾਈਕਲ ਕੀਤੇ ਜ਼ਬਤ
ਇਸ ਦੇ ਨਾਲ ਹੀ ਸ਼ਹਿਰ ਵਿਚ ਬੁਲੇਟ ਮੋਟਰਸਾਈਕਲ ਨਾਲ ਪਟਾਕੇ ਵਜਾਉਣ ਵਾਲਿਆਂ ਦੀ ਸ਼ਾਮਤ ਆਈ। ਨਾਕੇ ’ਤੇ ਖੜ੍ਹੇ ਡੀ. ਸੀ. ਪੀ. ਨੇ ਖੁਦ ਬੁਲੇਟ ਮੋਟਰਸਾਈਕਲ ਚਾਲਕਾਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਖੁਦ ਪਟਾਕੇ ਵਜਾ ਕੇ ਵੇਖੇ। ਅੱਧੀ ਦਰਜਨ ਬੁਲੇਟ ਮੋਟਰਸਾਈਕਲਾਂ ਨੂੰ ਪੁਲਸ ਨੇ ਥਾਣਿਆਂ ਵਿਚ ਜ਼ਬਤ ਕੀਤਾ। ਇਸਦੇ ਨਾਲ ਹੀ ਬੁਲੇਟ ਮੋਟਰਸਾਈਕਲਾਂ ਦੇ ਚਾਲਕਾਂ ਨੂੰ ਡੀ. ਸੀ. ਪੀ. ਭੰਡਾਲ ਨੇ ਸਿੱਧੇ ਤੌਰ ’ਤੇ ਚਿਤਾਵਨੀ ਦਿੱਤੀ ਕਿ ਅੱਗੇ ਤੋਂ ਮੋਟਰਸਾਈਕਲ ਨਾਲ ਪਟਾਕੇ ਵਜਾਏ ਤਾਂ ਪੁਲਸ ਸਖ਼ਤ ਕਾਰਵਾਈ ਕਰੇਗੀ।

ਭਗੌੜੇ ਅਪਰਾਧੀਆਂ ਦਾ ਵੋਟਰ ਸੂਚੀ ’ਚੋਂ ਕਟਵਾਇਆ ਜਾਵੇਗਾ ਨਾਂ
ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਅਪਰਾਧੀਆਂ ਅਤੇ ਪੈਂਡਿੰਗ ਮਾਮਲਿਆਂ ਵਿਚ ਲੋੜੀਂਦੇ ਲੋਕਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸਦੇ ਨਾਲ ਹੀ ਚੋਣਾਂ ਦੇ ਨਜ਼ਦੀਕ ਆਉਂਦੇ ਹੀ ਕਮਿਸ਼ਨਰੇਟ ਪੁਲਸ ਭਗੌੜੇ ਅਪਰਾਧੀਆਂ ਦੀ ਸੂਚੀ ਤਿਆਰ ਕਰ ਕੇ ਉਨ੍ਹਾਂ ਦਾ ਨਾਂ ਵੋਟਰ ਸੂਚੀ ਵਿਚੋਂ ਕਟਵਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਮਾਨਤ ’ਤੇ ਬਾਹਰ ਆਏ ਅਪਰਾਧੀਆਂ ਤੇ ਪੁਰਾਣੇ ਅਪਰਾਧੀਆਂ ਦੀ ਸੂਚੀ ਤਿਆਰ ਕਰ ਕੇ ਉਨ੍ਹਾਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਦੂਜੇ ਪਾਸੇ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ਅਧੀਨ ਨਸ਼ਾ ਸਮੱਗਲਰਾਂ ਦੀ ਪ੍ਰਾਪਰਟੀ ਜ਼ਬਤ ਕਰਨ ਦੀ ਪ੍ਰਕਿਰਿਆ ਵੀ ਤੇਜ਼ ਕੀਤੀ ਜਾ ਰਹੀ ਹੈ।

ਧਾਰਮਿਕ ਥਾਵਾਂ ਤੇ ਆਰ. ਐੱਸ. ਐੱਸ. ਦੀਆਂ ਸ਼ਾਖਾਵਾਂ ਦੀ ਸੁਰੱਖਿਆ ਵਧਾਈ
ਡੀ. ਸੀ. ਪੀ. ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਅਧੀਨ ਪੈਂਦੇ ਸਾਰੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸਦੇ ਨਾਲ ਹੀ ਸਾਰੇ ਧਾਰਮਿਕ ਸਥਾਨਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਅਤੇ ਉਨ੍ਹਾਂ ਦਾ 24 ਘੰਟੇ ਦਾ ਰਿਕਾਰਡ ਰੱਖਣ ਵਾਲੇ ਡੀ. ਵੀ. ਆਰ. ਵੀ ਧਾਰਮਿਕ ਸੰਸਥਾਵਾਂ ਵੱਲੋਂ ਲੁਆਏ ਗਏ ਹਨ। ਇਸਦੇ ਨਾਲ ਹੀ ਧਾਰਮਿਕ ਸਥਾਨਾਂ ਦੇ ਸੇਵਾਦਾਰਾਂ ਨੂੰ ਵੀ 24 ਘੰਟੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਗਈ ਹੈ। ਆਰ. ਐੱਸ. ਐੱਸ. ਦੀਆਂ ਲੱਗਣ ਵਾਲੀਆਂ ਸ਼ਾਖਾਵਾਂ ਵਿਚ ਸਵੇਰ ਅਤੇ ਸ਼ਾਮ ਸਮੇਂ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਲਾਕੇ ਦੇ ਥਾਣਾ ਅਤੇ ਪੀ. ਸੀ. ਆਰ. ਮੁਲਾਜ਼ਮਾਂ ਨੂੰ ਸ਼ਾਖਾਵਾਂ ’ਤੇ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤਾ ਗਿਆ ਹੈ।

ਨਾਈਟ ਡੋਮੀਨੇਸ਼ਨ ਨੂੰ ਕੀਤਾ ਹੋਰ ਮਜ਼ਬੂਤ
ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਵਿਚ ਨਾਈਟ ਡੋਮੀਨੇਸ਼ਨ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨੂੰ ਰੋਜ਼ਾਨਾ ਆਪਣੇ-ਆਪਣੇ ਇਲਾਕਿਆਂ ਵਿਚ ਨਾਈਟ ਡੋਮੀਨੇਸ਼ਨ ਦੌਰਾਨ ਫੀਲਡ ਵਿਚ ਨਿਕਲ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਨਸ਼ਾ ਸਮੱਗਲਰਾਂ ਦਾ ਸ਼ਿਕੰਜਾ ਕੱਸਣ ਲਈ ਵੀ ਜਲਦ ਕਮਿਸ਼ਨਰੇਟ ਪੁਲਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।


author

rajwinder kaur

Content Editor

Related News