ਕਾਂਗਰਸ ਹਾਈਕਮਾਨ ਕੇ. ਪੀ. ਨੂੰ ਆਦਮਪੁਰ ਤੋਂ ਟਿਕਟ ਦੇ ਕੇ ਸੁਖਵਿੰਦਰ ਕੋਟਲੀ ਨੂੰ ਬੰਗਾ ਕਰ ਸਕਦੀ ਐ ਸ਼ਿਫਟ

01/23/2022 2:46:58 PM

ਜਲੰਧਰ (ਚੋਪੜਾ)– ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈਕਮਾਨ ਵੱਲੋਂ ਦੂਜੀ ਸੂਚੀ ਦੇ ਜਾਰੀ ਹੋਣ ਦੀ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਕਾਫ਼ੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿਉਂਕਿ ਜਿੱਥੇ ਦੂਜੀ ਸੂਚੀ ਵਿਚ ਬਾਕੀ 31 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਉਮੀਦਵਾਰਾਂ ਦਾ ਐਲਾਨ ਹੋਣਾ ਹੈ, ਉਥੇ ਹੀ ਪਹਿਲੀ ਜਾਰੀ ਕੀਤੀ ਗਈ 86 ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਉਪਰੰਤ ਕਾਂਗਰਸੀ ਉਮੀਦਵਾਰਾਂ ਖ਼ਿਲਾਫ਼ ਉੱਠੀਆਂ ਬਗਾਵਤੀ ਸੁਰਾਂ ਕਾਰਨ ਬਾਗੀ ਕਾਂਗਰਸੀ ਆਗੂ ਕੁਝ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਬਦਲੇ ਜਾਣ ਸਬੰਧੀ ਕਾਫ਼ੀ ਆਸਵੰਦ ਵਿਖਾਈ ਦੇ ਰਹੇ ਹਨ।

ਇਨ੍ਹਾਂ ਹਲਕਿਆਂ ਵਿਚ ਜਲੰਧਰ ਦਾ ਆਦਮਪੁਰ ਵਿਧਾਨ ਸਭਾ ਹਲਕਾ ਵੀ ਸ਼ਾਮਲ ਹੈ, ਜਿੱਥੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੀ ਟਿਕਟ ਕੱਟ ਕੇ ਇਕ ਮਹੀਨਾ ਪਹਿਲਾਂ ਬਸਪਾ ਤੋਂ ਕਾਂਗਰਸ ਵਿਚ ਸ਼ਾਮਲ ਹੋਏ ਸੁਖਵਿੰਦਰ ਸਿੰਘ ਕੋਟਲੀ ਨੂੰ ਦੇ ਦਿੱਤੀ ਗਈ। ਕੇ. ਪੀ. ਜਿਹੜੇ ਕਿ ਆਦਮਪੁਰ ਤੋਂ ਇਲਾਵਾ ਜਲੰਧਰ ਵੈਸਟ ਹਲਕੇ ਤੋਂ ਵੀ ਟਿਕਟ ਦੇ ਦਾਅਵੇਦਾਰ ਸਨ ਪਰ ਕਾਂਗਰਸ ਹਾਈਕਮਾਨ ਨੇ ਇਥੇ ਮੌਜੂਦਾ ਵਿਧਾਇਕ ਸੁਸ਼ੀਲ ਰਿੰਕੂ ’ਤੇ ਦੋਬਾਰਾ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਉਮੀਦਵਾਰ ਐਲਾਨ ਦਿੱਤਾ, ਉਥੇ ਹੀ ਕੇ. ਪੀ. ਦੇ ਹੱਥੋਂ ਆਦਮਪੁਰ ਦੀ ਟਿਕਟ ਵੀ ਨਿਕਲ ਗਈ। ਹਾਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਜ਼ਦੀਕੀ ਰਿਸ਼ਤੇਦਾਰ ਹੋਣ ਕਾਰਨ ਕੇ. ਪੀ. ਕਾਫ਼ੀ ਆਸਵੰਦ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਾਣੇ ਹਲਕੇ ਜਲੰਧਰ ਵੈਸਟ ਤੋਂ ਟਿਕਟ ਮਿਲ ਜਾਵੇਗੀ, ਜਿਸ ਕਾਰਨ ਉਨ੍ਹਾਂ ਪਿਛਲੇ ਮਹੀਨਿਆਂ ਦੌਰਾਨ ਵੈਸਟ ਹਲਕੇ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਸਨ ਪਰ ਵੈਸਟ ਤੇ ਆਦਮਪੁਰ ਤੋਂ ਟਿਕਟਾਂ ਵੰਡਣ ਦੇ ਮਾਮਲੇ ਵਿਚ ਮੁੱਖ ਮੰਤਰੀ ਚੰਨੀ ਦੀ ਸ਼ਾਇਦ ਇਕ ਨਾ ਚੱਲੀ, ਜਿਸ ਕਾਰਨ ਰਿੰਕੂ ਤੇ ਕੋਟਲੀ ਦੇ ਨਾਂ ਦਾ ਐਲਾਨ ਹੋ ਗਿਆ।

ਇਹ ਵੀ ਪੜ੍ਹੋ: ਪੰਜਾਬ ਤੋਂ ਇਲਾਵਾ ਯੂ.ਪੀ. 'ਚ ਵੀ ਚਰਚਾ ਦਾ ਵਿਸ਼ਾ ਬਣੀ ਵਿਧਾਨ ਸਭਾ ਸੀਟ ਨਵਾਂਸ਼ਹਿਰ

ਦੋਵਾਂ ਵਿਧਾਨ ਸਭਾ ਹਲਕਿਆਂ ਤੋਂ ਆਪਣੀ ਟਿਕਟ ਕੱਟਦੇ ਹੀ ਕੇ. ਪੀ. ਨੇ ਬਗਾਵਤੀ ਸੁਰ ਛੇੜਦਿਆਂ ਐਲਾਨ ਕਰ ਦਿੱਤਾ ਕਿ ਉਹ ਹਰ ਹਾਲਤ ਵਿਚ ਵਿਧਾਨ ਸਭਾ ਚੋਣ ਲੜਨਗੇ। ਚੋਣ ਕਿਵੇਂ ਅਤੇ ਕਿਸ ਪਾਰਟੀ ਵੱਲੋਂ ਲੜਨੀ ਹੈ, ਇਸ ਬਾਰੇ ਉਨ੍ਹਾਂ ਪੱਤੇ ਨਹੀਂ ਖੋਲ੍ਹੇ ਸਨ। ਕੇ. ਪੀ. ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਉਨ੍ਹਾਂ ਦੇ ਘਰ ਪੁੱਜੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਵੀ ਹਾਈਕਮਾਨ ਦੇ ਫ਼ੈਸਲੇ ਨੂੰ ਗਲਤ ਦੱਸਦਿਆਂ ਦਾਅਵਾ ਕੀਤਾ ਕਿ ਜਲਦ ਹਾਈਕਮਾਨ ਇਸ ਫੈਸਲੇ ’ਤੇ ਮੁੜ ਵਿਚਾਰ ਕਰੇਗੀ।
ਕਾਂਗਰਸ ਦੇ 31 ਉਮੀਦਵਾਰਾਂ ਦੇ ਨਾਂ ਫਾਈਨਲ ਕਰਨ ਨੂੰ ਲੈ ਕੇ ਬੀਤੇ ਦਿਨ ਕਾਂਗਰਸ ਹਾਈਕਮਾਨ ਵੱਲੋਂ ਬਣਾਈ ਸਬ-ਕਮੇਟੀ ਦੀ ਮੀਟਿੰਗ ਵਿਚ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਵਿਚਕਾਰ ਰਾਏ ਨਾ ਮਿਲਣ ਕਾਰਨ ਪੈਦਾ ਹੋਏ ਵਿਵਾਦ ਤੋਂ ਬਾਅਦ ਸੂਚੀ ਦਾ ਐਲਾਨ ਅੱਜ ਵੀ ਅੱਧ-ਵਿਚਾਲੇ ਲਟਕ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਅੰਬਿਕਾ ਸੋਨੀ ਅਤੇ ਅਜੈ ਮਾਕਨ ਨੇ ਅੱਜ ਕੇ. ਪੀ. ਦੇ ਮਸਲੇ ’ਤੇ ਵੀ ਸਲਾਹ-ਮਸ਼ਵਰਾ ਕੀਤਾ, ਜਿਸ ਵਿਚ ਕੇ. ਪੀ. ਨੂੰ ਆਦਮਪੁਰ ਤੋਂ ਟਿਕਟ ਦਾ ਦਾਅਵੇਦਾਰ ਬਣਾਉਣ ’ਤੇ ਹਾਈਕਮਾਨ ਦੀ ਸਹਿਮਤੀ ਬਣ ਗਈ ਹੈ। ਅਜਿਹੇ ਵਿਚ ਹਾਈਕਮਾਨ ਸੁਖਵਿੰਦਰ ਕੋਟਲੀ ਨੂੰ ਆਦਮਪੁਰ ਦੀ ਬਜਾਏ ਬੰਗਾ ਤੋਂ ਚੋਣ ਮੈਦਾਨ ’ਚ ਉਤਾਰ ਸਕਦੀ ਹੈ।

ਦੂਜੇ ਪਾਸੇ ਕੇ. ਪੀ. ਦੇ ਨਜ਼ਦੀਕੀ ਸੂਤਰਾਂ ਦੀ ਮੰਨੀਏ ਤਾਂ ਕੇ. ਪੀ. ਨੂੰ ਹਾਈਕਮਾਨ ਨੇ ਆਦਮਪੁਰ ਤੋਂ ਟਿਕਟ ਦੇਣ ’ਤੇ ਸਹਿਮਤੀ ਪ੍ਰਗਟਾ ਦਿੱਤੀ ਹੈ ਪਰ ਹੁਣ ਕੇ. ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਦਮਪੁਰ ਤੋਂ ਨਹੀਂ, ਸਗੋਂ ਵੈਸਟ ਹਲਕੇ ਤੋਂ ਹੀ ਟਿਕਟ ਮਿਲੇ। ਹੁਣ ਦੇਖਣਾ ਹੋਵੇਗਾ ਕਿ ਹਾਈਕਮਾਨ ਕੇ. ਪੀ. ਨੂੰ ਆਦਮਪੁਰ ਤੋਂ ਚੋਣ ਲੜਨ ਲਈ ਮਨਾ ਪਾਉਂਦੀ ਹੈ ਜਾਂ ਨਹੀਂ। ਜੇਕਰ ਕੇ. ਪੀ. ਨੂੰ ਆਦਮਪੁਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਜਾਂਦਾ ਹੈ ਤਾਂ ਕੋਟਲੀ ਨੂੰ ਬੰਗਾ ਸ਼ਿਫਟ ਕੀਤਾ ਜਾਵੇਗਾ ਜਾਂ ਨਹੀਂ, ਇਨ੍ਹਾਂ ਸਵਾਲਾਂ ਦੇ ਜਵਾਬ ’ਤੇ ਚੜ੍ਹੀ ਧੁੰਦ ਦੀ ਚਾਦਰ ਹਟਣ ਵਿਚ 1-2 ਦਿਨਾਂ ਦਾ ਸਮਾਂ ਲੱਗ ਸਕਦਾ ਹੈ।
ਇਹ ਵੀ ਪੜ੍ਹੋ: ਮੁਕੇਰੀਆਂ: ਵਿਆਹ ਤੋਂ ਪਰਤਦਿਆਂ ਰੇਲਿੰਗ ਨਾਲ ਟਕਰਾਈ ਕਾਰ, ਦਰਦਨਾਕ ਹਾਦਸੇ 'ਚ 2 ਨੌਜਵਾਨਾਂ ਸਣੇ 3 ਦੀ ਮੌਤ

ਪਰਗਟ ਸਿੰਘ ਖ਼ਿਲਾਫ਼ ਕੇ. ਪੀ. ਨੇ ਕੈਂਟ ਹਲਕੇ ਤੋਂ ਆਜ਼ਾਦ ਚੋਣ ਲੜਨ ਦੇ ਦਿੱਤੇ ਸੰਕੇਤ
ਆਦਮਪੁਰ ਹਲਕੇ ਤੋਂ ਟਿਕਟ ਕੱਟਣ ਪਿੱਛੇ ਕੇ. ਪੀ. ਦਾ ਮੰਨਣਾ ਹੈ ਕਿ ਇਸ ਸਾਜ਼ਿਸ਼ ਪਿੱਛੇ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਹੱਥ ਹੈ ਕਿਉਂਕਿ ਪਿਛਲੇ ਮਹੀਨੇ ਜਲੰਧਰ ਦੇ ਪ੍ਰਤਾਪਪੁਰਾ ਵਿਚ ਹੋਈ ਕਾਂਗਰਸ ਦੀ ਰੈਲੀ ਵਿਚ ਪਰਗਟ ਸਿੰਘ ਨੇ ਹੀ ਮੁੱਖ ਮੰਤਰੀ ਚੰਨੀ, ਕਾਂਗਰਸ ਦੇ ਸੂਬਾਈ ਇੰਚਾਰਜ ਹਰੀਸ਼ ਚੌਧਰੀ ਅਤੇ ਸੁਨੀਲ ਜਾਖੜ ਦੀ ਮੌਜੂਦਗੀ ਵਿਚ ਕੋਟਲੀ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਇਆ ਸੀ। ਪਰਗਟ ਸਿੰਘ ਦਾ ਕੋਟਲੀ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਉਣਾ ਹੀ ਕੇ. ਪੀ. ’ਤੇ ਭਾਰੀ ਪੈ ਰਿਹਾ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਕੇ. ਪੀ. ਵੀ ਹੁਣ ਖੁੱਲ੍ਹੇਆਮ ਕਹਿ ਰਹੇ ਹਨ ਕਿ ਉਹ ਕੈਂਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ। ਇਸ ਸਬੰਧੀ ਉਨ੍ਹਾਂ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਕਈ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਕੇ. ਪੀ. ਨੂੰ ਹਾਈਕਮਾਨ ਐਡਜਸਟ ਕਰਕੇ ਉਨ੍ਹਾਂ ਨੂੰ ਮਨਾਉਣ ਵਿਚ ਅਸਫ਼ਲ ਸਾਬਿਤ ਹੋਈ ਤਾਂ ਕੇ. ਪੀ. ਕੈਂਟ ਹਲਕੇ ਤੋਂ ਪਰਗਟ ਸਿੰਘ ਤੋਂ ਇਲਾਵਾ ਵੈਸਟ ਹਲਕੇ ਤੋਂ ਸੁਸ਼ੀਲ ਰਿੰਕੂ ਅਤੇ ਆਦਮਪੁਰ ਤੋਂ ਸੁਖਵਿੰਦਰ ਕੋਟਲੀ ਦੀ ਜਿੱਤ ਦੇ ਰਾਹ ਵਿਚ ਕੰਡੇ ਵਿਛਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਮਹਿੰਦਰ ਭਗਤ ਦੇ ਐਲਾਨ ਨਾਲ ਕੇ. ਪੀ. ਦੇ ਭਾਜਪਾ 'ਚ ਜਾਣ ਦੀਆਂ ਕਿਆਸ-ਅਰਾਈਆਂ ’ਤੇ ਲੱਗੀ ਰੋਕ
ਪਿਛਲੇ ਦਿਨੀਂ ਭਾਜਪਾ ਵੱਲੋਂ ਵੈਸਟ ਹਲਕੇ ਤੋਂ ਮਹਿੰਦਰ ਭਗਤ ਦੇ ਨਾਂ ਦਾ ਐਲਾਨ ਹੋਣ ਤੋਂ ਬਾਅਦ ਕੇ. ਪੀ. ਦੇ ਭਾਜਪਾ ਵਿਚ ਸ਼ਾਮਲ ਹੋ ਕੇ ਵੈਸਟ ਹਲਕੇ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਅਤੇ ਕਿਆਸ-ਅਰਾਈਆਂ ’ਤੇ ਰੋਕ ਲੱਗ ਗਈ ਹੈ। ਵਰਣਨਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਕਿਆਫ਼ੇ ਲਾਏ ਜਾ ਰਹੇ ਸਨ ਕਿ ਕੇ. ਪੀ. ਬਗਾਵਤੀ ਰੁਖ਼ ਅਪਣਾਉਂਦਿਆਂ ਕਾਂਗਰਸ ਦਾ ਹੱਥ ਛੱਡ ਕੇ ਕਮਲ ਨੂੰ ਫੜ ਲੈਣਗੇ ਅਤੇ ਭਾਜਪਾ ਵੀ ਉਨ੍ਹਾਂ ਨੂੰ ਵੈਸਟ ਹਲਕੇ ਤੋਂ ਕਾਂਗਰਸ ਵਿਰੁੱਧ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ।

ਇਹ ਵੀ ਪੜ੍ਹੋ: ਰੰਧਾਵਾ ਦਾ ED 'ਤੇ ਦੋਸ਼, ਕਿਹਾ-ਚੰਨੀ ਦੇ ਰਿਸ਼ਤੇਦਾਰਾਂ ’ਤੇ ਤਾਂ ਛਾਪੇ ਮਾਰੇ ਪਰ ਮਜੀਠੀਆ ਦੇ ਕੇਸ ਵੱਲ ਨਹੀਂ ਦਿੱਤਾ ਧਿਆਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News