ਲੁਟੇਰੇ ਦਿਨ-ਦਿਹਾੜੇ ਵਪਾਰੀ ’ਤੇ ਹਮਲਾ ਕਰਕੇ ਕਾਰ ਲੈ ਕੇ ਹੋਏ ਫਰਾਰ
Saturday, Nov 26, 2022 - 05:50 PM (IST)
ਰਾਮਪੁਰਾ ਫੂਲ (ਤਰਸੇਮ) : ਅੱਜ ਸ਼ਨੀਵਾਰ ਸਵੇਰ ਦਿਨ ਚੜ੍ਹਦਿਆਂ ਹੀ ਲੁਟੇਰਿਆਂ ਵੱਲੋ ਵਪਾਰੀ ਨੂੰ ਨਿਸ਼ਾਨਾ ਬਣਾ ਕੇ ੳਸਦੀ ਕੁੱਟਮਾਰ ਕਰਕੇ ਕਾਰ ਖੋਹ ਕੇ ਫਰਾਰ ਹੋਣ ਦੀ ਘਟਨਾ ਨੇ ਸ਼ਹਿਰ ਵਿਚ ਸਨਸਨੀ ਫੈਲਾ ਦਿੱਤੀ । ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਵਪਾਰੀ ਪ੍ਰਸ਼ੋਤਮ ਲਾਲ ਜੋ ਕਿ ਸ਼ਾਮ ਪ੍ਰਕਾਸ਼ ਮਦਨ ਲਾਲ ਫਰਮ ਦਾ ਮਾਲਿਕ ਹੈ ਨੇ ਦੱਸਿਆ ਕਿ ਉਹ ਸਥਾਨਕ ਸ਼ਹਿਰ ਦੀ ਰਾਇਲ ਕਾਲੋਨੀ ਵਿਖੇ ਰਹਿੰਦਾ ਹੈ ਤੇ ਅੱਜ ਸ਼ਨੀਵਾਰ ਸਵੇਰ ਕਰੀਬ 5:50 ਵਜੇ ਜਦ ਉਹ ਸੈਰ ਕਰਨ ਲਈ ਘਰੋਂ ਬਾਹਰ ਕਲੋਨੀ ਦੇ ਗੇਟ ਕੋਲ ਆਇਆ ਤੇ ਕਲੋਨੀ ਦਾ ਗੇਟ ਖੋਲ੍ਹਣ ਲੱਗਾ ਤਾਂ ਪਹਿਲਾਂ ਤੋਂ ਹੀ ਸੁਰੱਖਿਆ ਕਰਮਚਾਰੀਆਂ ਲਈ ਬਣਾਏ ਗਏ ਕਮਰੇ ਵਿਚ ਲੁਕ ਕੇ ਬੇਠੈ ਚਾਰ ਹਮਲਾਵਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲੇ ਚਾਰ ਨੌਜਵਾਨਾਂ ਕੋਲ ਤਲਵਾਰ, ਕਿਰਚ ਤੇ ਬੇਸਬਾਲ ਆਦਿ ਹਥਿਆਰ ਸਨ। ਉਨ੍ਹਾਂ ਨ ਮੈਨੂੰ ਘੇਰ ਕੇ ਮੇਰੇ ਮੂੰਹ ਵਿਚ ਰੁਮਾਲ ਫਸਾ ਦਿੱਤਾ ਤੇ ਉਸਦੇ ਲੱਤਾ ਬਾਹਾਂ ਸਮੇਤ ਸਿਰ ਤੇ ਬੇਸਬਾਲ ਮਾਰ ਕੇ ਜਖ਼ਮੀ ਕਰ ਦਿੱਤਾ।
ਪੀੜਤ ਨੇ ਦੱਸਿਆ ਕਿ ਲੜਾਈ ਦੌਰਾਨ ਉਸਦੇ ਮੂੰਹ ਵਿਚ ਫਸਿਆਂ ਰੁਮਾਲ ਡਿੱਗ ਪਿਆ ਤੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਆਵਾਜ਼ ਸੁਣ ਕੇ ਉਸਦੇ ਗੁਆਂਢੀ ਬਾਹਰ ਆ ਗਏ ਜਿਸ ਕਾਰਨ ਲੁਟੇਰਿਆਂ ਨੂੰ ਮੌਕੇ ਤੋਂ ਭੱਜਣਾ ਪਿਆ ਅਤੇ ਉਹ ਜਾਂਦੇ-ਜਾਂਦੇ ਮੇਰੀ ਕਰੇਟਾ ਚਿੱਟੇ ਰੰਗ ਦੀ ਕਾਰ ਪੀ. ਬੀ .03 ਬੀ. ਏ. 5174 ਲੈ ਕੇ ਫਰਾਰ ਹੋ ਗਏ। ਗੰਭੀਰ ਜ਼ਖ਼ਮੀ ਹਾਲਤ ਵਿਚ ਪ੍ਰਸ਼ੋਤਮ ਲਾਲ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਜਿਥੇ ਉਸਦੇ ਸਿਰ ਵਿਚ ਚਾਰ ਟਾਂਕੇ ਲਗਾਏ ਗਏ। ਘਟਨਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕੀ ਪਿਛਲੇ ਦਿਨੀਂ ਮੋੜ ਮੰਡੀ ਦੇ ਇਕ ਵਪਾਰੀ ਤੋਂ ਲੁਟੇਰਿਆਂ ਵੱਲੋ ਲੱਖਾਂ ਰੁਪਏ ਦੀ ਡਕੈਤੀ ਕੀਤੀ ਗਈ ਸੀ ਅਤੇ ਸ਼ਹਿਰ ਵਿਚ ਵੀ ਅਕਸਰ ਚੋਰੀ ,ਡਕੈਤੀ, ਲੁੱਟ ਖੋਹ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।
ਕੀ ਕਹਿਣਾ ਡੀ.ਐੱਸ. ਪੀ. ਰਾਮਪੁਰਾ ਫੂਲ ਦਾ
ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚੇ ਡੀ.ਐੱਸ. ਪੀ. ਰਾਮਪੁਰਾ ਫੂਲ ਆਸ਼ਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੌਕੇ ਤੋਂ ਲੁਟੇਰਿਆਂ ਵੱਲੋਂ ਵਰਤੇ ਹਥਿਆਰ ਬਰਾਮਦ ਕਰ ਲਏ ਗਏ ਹਨ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਪ੍ਰਸ਼ੋਤਮ ਲਾਲ ਦਾ ਡਰਾਇਵਰ ਇਸ ਘਟਨਾ ਵਿਚ ਸ਼ਾਮਲ ਹੈ ਕਿਉਂਕੀ ਕਾਰ ਦੀ ਚਾਬੀ ਅਤੇ ਘਰ ਵਿਚ ਕਿਸੇ ਹੋਰ ਵਿਅਕਤੀ ਦਾ ਨਾਂ ਹੋਣਾ ਉਸਨੂੰ ਭਲੀ ਭਾਂਤ ਪਤਾ ਸੀ। ਉਨ੍ਹਾਂ ਕਿਹਾ ਕਿ ਡਰਾਇਵਰ ਨੂੰ ਫੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਦੋਸ਼ੀਆਂ ਨੂੰ ਜਲਦ ਪਕੜ ਲਿਆ ਜਾਵੇਗਾ।